Rajasthan bus fire: ਰਾਜਸਥਾਨ ਦੇ ਜਾਲੌਰ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ । ਇੱਥੇ ਜਾਲੌਰ ਵਿੱਚ ਇੱਕ ਚਲਦੀ ਬੱਸ ਵਿੱਚ ਕਰੰਟ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਜਾਲੌਰ ਜ਼ਿਲ੍ਹੇ ਦੇ ਮਹੇਸ਼ਪੁਰ ਵਿੱਚ ਵਾਪਰਿਆ । ਖਬਰਾਂ ਅਨੁਸਾਰ, ਇਹ ਬੱਸ ਮਹੇਸ਼ਪੁਰ ਵਿੱਚ ਇੱਕ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ ।
ਜਾਲੌਰ ਦੇ ਵਧੀਕ ਜ਼ਿਲ੍ਹਾ ਕੁਲੈਕਟਰ ਛਗਨ ਲਾਲ ਗੋਇਲ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਕਰੀਬ 10:30 ਵਜੇ ਵਾਪਰੀ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਦੇ ਡਰਾਈਵਰ ਅਤੇ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਲੋਕਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ । ਗੋਇਲ ਅਨੁਸਾਰ, ‘ਇਸ ਹਾਦਸੇ ਵਿੱਚ ਜ਼ਖਮੀ ਹੋਏ 17 ਲੋਕਾਂ ਨੂੰ ਜੋਧਪੁਰ ਹਸਪਤਾਲ ਰੈਫਰ ਕੀਤਾ ਗਿਆ ਹੈ । ਬੱਸ ਡਰਾਈਵਰ ਅਤੇ ਕੰਡਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ 4 ਲੋਕਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਆਪਣਾ ਰਸਤਾ ਭਟਕ ਕੇ ਪਿੰਡ ਦੇ ਵਿਚਕਾਰ ਆ ਗਈ ਸੀ । ਮਹੇਸ਼ਪੁਰਾ ਦੇ ਵਾਸੀ ਘਨਸ਼ਿਆਮ ਸਿੰਘ ਨੇ ਦੱਸਿਆ ਕਿ ਯਾਤਰੀਆਂ ਨਾਲ ਭਰੀ ਇਹ ਬੱਸ ਮੰਡੋਲੀ ਤੋਂ ਬਯਾਵਰ ਲਈ ਨਿਕਲੀ ਸੀ। ਪਰ ਰਾਤ ਨੂੰ ਰਸਤਾ ਭਟਕ ਗਈ। ਰਾਹ ਭਟਕਣ ਕਾਰਨ ਬੱਸ ਮਹੇਸ਼ਪੁਰਾ ਦੇ ਪਿੰਡ ਵਿੱਚ ਦਾਖਲ ਹੋਈ ਸੀ । ਪਿੰਡ ਵਿੱਚ 11 ਕੇਵੀ ਲਾਈਨ ਦੀ ਬਿਜਲੀ ਦੀ ਤਾਰ ਬੱਸ ਨਾਲ ਟੱਚ ਹੋਣ ਕਾਰਨ ਉਸ ਵਿੱਚ ਅੱਗ ਲੱਗ ਗਈ।
ਦੱਸ ਦੇਈਏ ਕਿ ਬਿਜਲੀ ਦੀਆਂ ਤਾਰਾਂ ਟੱਚ ਹੁੰਦਿਆਂ ਹੀ ਇੱਕ ਪਾਸੇ ਜਿੱਥੇ ਬੱਸ ਵਿੱਚ ਕਰੰਟ ਦੌੜ ਗਿਆ, ਉਥੇ ਹੀ ਦੂਜੇ ਪਾਸੇ ਬੱਸ ਵਿੱਚ ਅੱਗ ਲੱਗ ਗਈ। ਸਥਾਨਕ ਨਾਗਰਿਕਾਂ ਨੇ ਘਟਨਾ ਦੀ ਸੂਚਨਾ ਬਿਜਲੀ ਵਿਭਾਗ ਨੂੰ ਦੇ ਕੇ ਸਭ ਤੋਂ ਪਹਿਲਾਂ ਬਿਜਲੀ ਕਟਵਾਈ ਅਤੇ ਫਿਰ ਲੋਕਾਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ । ਪਿੰਡ ਵਾਸੀਆਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ । ਜਿਸ ਤੋਂ ਬਾਅਦ ਪੁਲਿਸ ਅਤੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ । ਬਿਜਲੀ ਦੇ ਕਰੰਟ ਲੱਗਣ ਕਾਰਨ ਬੱਸ ਨੂੰ ਅੱਗ ਲੱਗ ਗਈ। ਬੱਸ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਵਿਭਾਗ ਦੀ ਮਦਦ ਲਈ ਗਈ । ਜਿਸ ਤੋਂ ਬਾਅਦ ਹੀ ਅੱਗ ‘ਤੇ ਕਾਬੂ ਪਾਇਆ ਗਿਆ ਹੈ । ਬਚਾਅ ਕਾਰਜ ਵਿੱਚ ਬੱਸ ਵਿਚ ਫਸੇ ਬਹੁਤ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਦੇਖੋ: UK ‘ਚ ਬੱਸ ਰਾਹੀਂ ਕਰਦੇ ਨੇ ਲੰਗਰ ਦੀ ਸੇਵਾ, ਹੁਣ ਲਗਾਇਆ ਦਿੱਲੀ ‘ਚ ਲੰਗਰ