rajyasabha suspend mps protest end: ਰਾਜ ਸਭਾ ‘ਚ ਮੁਅੱਤਲ ਕੀਤੇ ਗਏ 8 ਸੰਸਦ ਮੈਂਬਰਾਂ ਵਲੋਂ ਆਪਣਾ ਧਰਨਾ ਖਤਮ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਕਾਂਗਰਸ ਨੇ ਪੂਰੇ ਮਾਨਸੂਨ ਸ਼ੈਸ਼ਨ ਦਾ ਬਾਈਕਾਟ ਦਾ ਐਲਾਨ ਕੀਤਾ।ਕਾਂਗਰਸ ਦੇ ਰਾਜਸਭਾ ਮੈਂਬਰਾਂ ਦਾ ਵਾਕਆਊਟ ਕੀਤਾ ਹੈ।ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ (ਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ(ਐੱਨ.ਸੀ.ਪੀ.),ਡੀ.ਐੱਮ.ਕੇ. ਤ੍ਰਿਣਮੂਲ ਕਾਂਗਰਸ,ਆਮ ਆਦਮੀ ਪਾਰਟੀ (ਆਪ), ਵਾਮਦਲ,ਆਰਜੇਡੀ, ਟੀ.ਆਰ.ਐੱਸ ਅਤੇ ਬੀਐੱਸਪੀ ਨੇ ਵੀ ਕਾਰਵਾਈ ਦਾ ਬਾਈਕਾਟ ਕੀਤਾ ਹੈ।ਦੱਸਣਯੋਗ ਹੈ ਕਿ 20 ਸਤੰਬਰ ਨੂੰ ਕਿਸਾਨਾਂ ਨਾਲ ਜੁੜੇ ਬਿੱਲ ਨੂੰ ਪਾਸ ਕਰਨ ਦੌਰਾਨ ਇਨ੍ਹਾਂ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ।ਬੀਤੇ ਦਿਨ ਸਭਾਪਤੀ ਵੇਂਕਈਆ ਨਾਇਡੂ ਨੇ 8 ਸੰਸਦ ਮੈਂਬਰਾਂ ਨੂੰ ਪੂਰੇ ਸ਼ੈਸ਼ਨ ਲਈ ਮੁਅੱਤਲ ਕਰ ਦਿੱਤਾ ਸੀ।ਇਸਦੇ ਬਾਅਦ ਸਾਰੇ ਸੰਸਦ ਮੈਂਬਰ ਸੰਸਦ ਕੰਪਲੈਕਸ ‘ਚ ਹੀ ਧਰਨੇ ‘ਤੇ ਬੈਠ ਗਏ ਸੀ।ਸਭਾਪਤੀ ਵੈਂਕਈਆ ਨਾਇਡੂ ਨੇ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਯਨ ਅਤੇ ਡੋਲਾ ਸੇਨ,ਕਾਂਗਰਸ ਦੇ ਰਾਜੀਵ ਸਾਤਵ, ਰਿਪੁਨ ਬੋਰਾ, ਨਾਸਿਰ ਹੁਸੈਨ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਕੇ.ਕੇ.ਰਾਗੇਸ਼ ਅਤੇ ਮਾਕਪਾ ਦੇ ਈ.ਕਰੀਮ ਨੂੰ ਪੂਰੇ ਸ਼ੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ।ਇਸ ਦੇ ਵਿਰੋਧ ‘ਚ ਸਾਰੇ ਸੰਸਦ, ਗਾਂਧੀ ਮੂਰਤੀ ਦੇ ਕੋਲ ਧਰਨੇ ‘ਤੇ ਬੈਠੇ ਸਨ ਅਤੇ ਪੂਰੀ ਰਾਤ ਸੰਸਦ ਕੰਪਲੈਕਸ ‘ਚ ਗੁਜ਼ਾਰ ਦਿੱਤੀ। ਜਿਵੇਂ ਹੀ ਅੱਜ ਸਵੇਰੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ, ਕਾਂਗਰਸ ਨੇ ਇਹ ਮੁੱਦਾ ਚੁੱਕਿਆ। ਕਾਂਗਰਸ ਦੇ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜਦੋਂ ਤੱਕ ਸਾਡੇ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਨਹੀਂ ਲਈ ਜਾਂਦੀ ਅਤੇ ਕਿਸਾਨਾਂ ਦੇ ਬਿੱਲਾਂ ਨਾਲ ਸਬੰਧਤ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਵਿਰੋਧੀ ਧਿਰ ਸੈਸ਼ਨ ਤੋਂ ਬਾਈਕਾਟ ਕਰਦੀ ਹੈ।
ਇਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਮੈਂ ਸੰਸਦ ਮੈਂਬਰਾਂ ਦੀ ਸਦਨ ਵਿੱਚ ਵਾਪਸੀ ਦੀ ਮੰਗ ਹੀ ਨਹੀਂ ਕੀਤੀ, ਬਲਕਿ ਮੈਂ ਵਿਰੋਧੀ ਧਿਰ ਦੀ ਤਰਫੋਂ ਮੁਆਫੀ ਵੀ ਮੰਗੀ, ਪਰ ਮੇਰੀ ਮੁਆਫੀ ਦੇ ਬਦਲੇ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਨਾਲ ਮੈਂ ਬਹੁਤ ਪਰੇਸ਼ਾਨ ਹੋ ਗਿਆ। ਇਸ ਲਈ ਮੈਂ ਅਤੇ ਮੇਰੀ ਪੂਰੀ ਪਾਰਟੀ ਸੰਸਦ ਦੇ ਇਸ ਪੂਰੇ ਸੈਸ਼ਨ ਦਾ ਬਾਈਕਾਟ ਕੀਤੀ ਹੈ।ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਅਤੇ ਰਾਜ ਸਭਾ ਮੈਂਬਰ ਐਚਡੀ ਦੇਵੇਗੌੜਾ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਸਰਕਾਰ ਦੋਵਾਂ ਨੂੰ ਮਿਲ ਕੇ ਬੈਠਣਾ ਚਾਹੀਦਾ ਹੈ ਅਤੇ ਸਦਨ ਨੂੰ ਚਲਾਉਣ ਵਿਚ ਸਹਾਇਤਾ ਕਰਨੀ ਚਾਹੀਦੀ ਹੈ। ਲੋਕਤੰਤਰ ਨੂੰ ਇਕ ਦੂਜੇ ਦੇ ਸਹਿਯੋਗ ਨਾਲ ਜਾਰੀ ਰੱਖਣਾ ਚਾਹੀਦਾ ਹੈ। ਸਰਕਾਰ ਵਾਰ-ਵਾਰ ਵਿਰੋਧ ਦੇ ਸੱਦੇ ਦੇ ਬਾਵਜੂਦ ਸਾਰੇ 8 ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੇ ਮੂਡ ਵਿਚ ਨਹੀਂ ਹੈ। ਹਾਲਾਂਕਿ, ਉਸਨੇ ਨਿਸ਼ਚਤ ਰੂਪ ਵਿੱਚ ਇੱਕ ਸ਼ਰਤ ਰੱਖੀ ਹੈ।ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਜੇ ਅਸੀਂ ਸੰਖਿਆਵਾਂ ਦੀ ਗੱਲ ਕਰੀਏ ਤਾਂ ਉਸ ਦਿਨ ਸਾਡੇ ਹੱਕ ਵਿੱਚ 110 ਵੋਟਾਂ ਸਨ ਅਤੇ ਉਨ੍ਹਾਂ ਦੇ ਹੱਕ ਵਿੱਚ 72 ਵੋਟਾਂ ਸਨ। ਜੇ ਉਨ੍ਹਾਂ (8 ਸੰਸਦ ਮੈਂਬਰਾਂ ਦੁਆਰਾ ਪ੍ਰਦਰਸ਼ਤ ਬੇਕਾਬੂ ਵਿਵਹਾਰ) ਨੂੰ ਇਸ ਲਈ ਅਫਸੋਸ ਹੈ, ਤਾਂ ਸਰਕਾਰ ਸਹਿਮਤ ਹੈ ਕਿ ਉਨ੍ਹਾਂ ਨੂੰ ਸਦਨ ਤੋਂ ਬਾਹਰ ਨਹੀਂ ਹੋਣਾ ਚਾਹੀਦਾ।