Rakesh Tikait announces: ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਵੱਲੋਂ ਬੁੱਧਵਾਰ ਨੂੰ “ਦਮਨ ਵਿਰੋਧੀ ਦਿਵਸ” ਮਨਾਇਆ ਗਿਆ । ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਹੈ ਕਿ ਸਾਰੇ ਭਾਰਤ ਵਿੱਚ ਸੈਂਕੜੇ ਸਥਾਨਾਂ ‘ਤੇ ਦਮਨ ਵਿਰੋਧੀ ਦਿਵਸ ਮਨਾਇਆ ਗਿਆ । ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਵੀ ਭੇਜਿਆ। ਇੱਥੋਂ ਤੱਕ ਕਿ ਹੋਰ ਕਈ ਸਬੰਧਤ ਸੰਗਠਨਾਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣ ਲਈ ਜ਼ਿਲ੍ਹਾ ਪੱਧਰੀ ਵਿਰੋਧ ਪ੍ਰਦਰਸ਼ਨ ਕੀਤੇ। ਰਾਸ਼ਟਰਪਤੀ ਨੂੰ ਮੰਗ ਪੱਤਰ ਰਾਹੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਉਨ੍ਹਾਂ ਦੇ ਸਮਰਥਕਾਂ ‘ਤੇ ਜਬਰ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ।
ਉੱਥੇ ਹੀ ਦੂਜੇ ਪਾਸੇ ਆਗਰਾ ਮਹਾਪੰਚਾਇਤ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਫਿਰ ਸੰਸਦ ਕੂਚ ਕਰਨ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਇਸ ਵਾਰ ਹਲ ਕ੍ਰਾਂਤੀ ਹੋਵੇਗੀ ਅਤੇ ਕਿਸਾਨ ਸੰਸਦ ਦਾ ਘਿਰਾਓ ਕਰਨਗੇ ਤੇ 40 ਲੱਖ ਟਰੈਕਟਰ ਲੈ ਕੇ ਜਾਣਗੇ । ਉਨ੍ਹਾਂ ਕਿਹਾ ਕਿ ਉਹ ਉਸਦੇ ਲਈ ਜੇਲ੍ਹ ਜਾਣ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੀਆਂ ਪਾਰਕਾਂ ਵਿੱਚ ਕਣਕ ਅਤੇ ਮੱਕੀ ਦੀ ਬਿਜਾਈ ਕਰਨਗੇ । ਟਿਕੈਤ ਨੇ ਕਿਹਾ ਕਿ ਮੈਨੂੰ ਪਤਾ ਹੈ ਇਸ ਤੋਂ ਬਾਅਦ ਮੈਨੂੰ12-13 ਸਾਲ ਲਈ ਤਿਹਾੜ ਜੇਲ੍ਹ ਵਿੱਚ ਰਹਿਣਾ ਪਵੇਗਾ, ਪਰ ਕਿਸਾਨ ਤਾਂ ਆਜ਼ਾਦ ਹੋ ਜਾਣਗੇ । ਉਨ੍ਹਾਂ ਕਿਹਾ ਕਿ ਮੈਂ ਤਰੀਕ ਨਹੀਂ ਦੇਵਾਂਗਾ, ਤਰੀਕ ਦਾ ਫੈਸਲਾ ਸੰਯੁਕਤ ਮੋਰਚਾ ਕਰੇਗੀ।
ਕੁੰਡਲੀ ਬਾਰਡਰ ‘ਤੇ ਸੰਯੁਕਤ ਮੋਰਚੇ ਦੀ 7 ਮੈਂਬਰੀ ਕੋਰ ਕਮੇਟੀ ਅਤੇ 2 ਸੱਦੇ ਮੈਂਬਰਾਂ ਦੀ ਬੈਠਕ ਹੋਈ। ਇਸ ਵਿੱਚ ਵੀ ਟਿਕੈਤ ਦੇ ਬਿਆਨ ਬਾਰੇ ਵੀ ਵਿਚਾਰ-ਵਟਾਂਦਰੇ ਹੋਏ । ਕੁਝ ਮੈਂਬਰ ਇਸ ਗੱਲ ‘ਤੇ ਨਾਰਾਜ਼ ਦਿਖੇ । ਮੀਟਿੰਗ ਤੋਂ ਬਾਅਦ ਮੋਰਚਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਬਿਆਨ ਹੈ । ਸੰਸਦ ਕੂਚ ਦਾ ਮੋਰਚੇ ਦਾ ਹਾਲੇ ਕੋਈ ਪ੍ਰੋਗਰਾਮ ਨਹੀਂ ਹੈ। ਮੀਟਿੰਗ ਵਿੱਚ 28 ਨੂੰ ਹੋਣ ਵਾਲੀ ਅਗਾਮੀ ਮੀਟਿੰਗ ਦੀ ਤਿਆਰੀ ਕੀਤੀ ਗਈ ।
ਦੱਸ ਦੇਈਏ ਕਿ ਦਮਨ ਵਿਰੋਧੀ ਦਿਵਸ ਦਿਵਸ ਮੌਕੇ ਰਾਸ਼ਟਰਪਤੀ ਨੂੰ ਭੇਜੇ ਪੱਤਰ ਵਿੱਚ ਕੁਝ ਮੰਗਾਂ ਲਿਖ ਕੇ ਭੇਜੀਆਂ ਗਈਆਂ। ਇਸ ਪੱਤਰ ਵਿੱਚ ਮੋਰਚੇ ਵੱਲੋਂ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਖਿਲਾਫ ਦਾਇਰ ਕੀਤੇ ਕੇਸਾਂ ਨੂੰ ਖਾਰਜ ਕਰਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਸ਼ਰਤ ਤੁਰੰਤ ਰਿਹਾਅ ਕਰਨ ਬਾਰੇ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਅਤੇ ਉਨ੍ਹਾਂ ਦੇ ਸੰਘਰਸ਼ ਦੇ ਸਮਰਥਕ ਵਿਅਕਤੀਆਂ ਅਤੇ ਸੰਗਠਨਾਂ ਵਿਰੁੱਧ ਦਰਜ ਪੁਲਿਸ ਕੇਸਾਂ ਨੂੰ ਵੀ ਖਾਰਜ ਕਰਨ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਸ਼ਾਮਿਲ ਕਿਸਾਨਾਂ ਨੂੰ ਡਰਾਉਣ ਧਮਕਾਉਣ ਲਈ ਦਿੱਲੀ ਪੁਲਿਸ, ਐਨਆਈਏ ਅਤੇ ਹੋਰ ਸਰਕਾਰੀ ਏਜੰਸੀਆਂ ਦੁਆਰਾ ਭੇਜੇ ਗਏ ਨੋਟਿਸਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਪਹਿਲਾਂ ਦੇ ਨੋਟਿਸ ਰੱਦ ਕੀਤੇ ਜਾਣੇ ਚਾਹੀਦੇ ਹਨ।
ਇਹ ਵੀ ਦੇਖੋ: Sardool Sikander ਦੇ ਘਰ ਪਹੁੰਚ ਭੁੱਬਾਂ ਮਾਰ ਰੋਏ ਸਾਥੀ ਗਾਇਕ ਤੇ ਦੋਸਤ, ਵੇਖੋ ਮੌਕੇ ਤੋ Live ਤਸਵੀਰਾਂ