ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਧਮਕੀਆਂ ਦੇਣ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ (BKU) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਸ਼ਨੀਵਾਰ ਰਾਤ ਨੂੰ ਵਿਅਕਤੀ ਦੇ ਦੋ ਫੋਨ ਆਏ ਸਨ । ਉਸ ਨੇ ਟਿਕੈਤ ਨੂੰ ਫੋਨ ‘ਤੇ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ।
ਏਜੰਸੀ ਅਨੁਸਾਰ ਟਿਕੈਤ ਦੀ ਸੁਰੱਖਿਆ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਸ਼ਰਮਾ ਨੇ ਇਸ ਸਬੰਧੀ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਪੁਲਿਸ ਨੇ ਕਾਲ ਡਾਟਾ ਦੀ ਜਾਂਚ ਕੀਤੀ ਅਤੇ ਉੱਤਰਾਖੰਡ ਦੇ ਕਰਨਪ੍ਰਯਾਗ ਸ਼ਹਿਰ ਦੇ ਦੋਸ਼ੀ ਸੁਰਿੰਦਰ ਰਾਵਤ ਨੂੰ ਟਰੇਸ ਕੀਤਾ ਗਿਆ। ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀ ਪਵਨ ਕੁਮਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਕੁਮਾਰ ਨੇ ਦੱਸਿਆ ਕਿ ਫੜੇ ਜਾਣ ਤੋਂ ਬਾਅਦ ਰਾਵਤ ਨੂੰ ਤੁਰੰਤ ਸਥਾਨਕ ਪੁਲਿਸ ਵੱਲੋਂ ਤਲਬ ਕੀਤਾ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ । ਐਸਐਸਪੀ ਨੇ ਦੱਸਿਆ ਕਿ ਉਸ ਨੇ ਪੁਲਿਸ ਤੋਂ ਲਿਖਤੀ ਤੌਰ ’ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਨੇ ਨਸ਼ੇ ਦੀ ਹਾਲਤ ਵਿੱਚ ਟਿਕੈਤ ਨੂੰ ਫੋਨ ਕੀਤਾ ਸੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਟਿਕੈਤ ਨੂੰ ਦੋ ਵਾਰ ਧਮਕੀ ਭਰੇ ਫੋਨ ਆ ਚੁੱਕੇ ਹਨ । ਪਿਛਲੀਆਂ ਕਾਲਾਂ ਦੀ ਪੜਤਾਲ ਕਰਨ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਕਿਸਾਨਾਂ ਦੇ ਧਰਨੇ ਬਾਰੇ ਬੀਕੇਯੂ ਆਗੂ ਨੂੰ ਫ਼ੋਨ ਕੀਤਾ ਸੀ, ਜਿਸ ਦੀ ਉਹ ਅਗਵਾਈ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: