Rakesh Tikait Mahapanchayat: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸੇ ਵਿਚਾਲੇ ਅੱਜ ਯਾਨੀ ਕਿ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਹਰਿਆਣਾ ਦੇ ਜੀਂਦ ਵਿੱਚ ਹੋਣ ਵਾਲੀ ਮਹਾਂਪੰਚਾਇਤ ਵਿੱਚ ਸ਼ਾਮਿਲ ਹੋਣ ਵਾਲੇ ਹਨ। ਇਸ ਦੌਰਾਨ ਹਰਿਆਣਾ ਦੇ ਕਿਸਾਨ ਤੇ ਖਾਪ ਮਿਲ ਕੇ ਅੱਗੇ ਦੇ ਅੰਦੋਲਨ ਦੀ ਰੂਪ ਰੇਖਾ ਤੈਅ ਕਰਨਗੇ। ਦਰਅਸਲ, ਇਹ ਮਹਾਂਪੰਚਾਇਤ ਜੀਂਦ ਦੇ ਖੇਡ ਸਟੇਡੀਅਮ ਵਿੱਚ ਹੋਵੇਗੀ। ਇਸ ਦੌਰਾਨ ਰਾਕੇਸ਼ ਟਿਕੈਤ ਉੱਥੇ ਇਕੱਠੇ ਹੋਣ ਵਾਲੇ ਕਿਸਾਨਾਂ ਨੂੰ ਸੰਬੋਧਿਤ ਵੀ ਕਰਨਗੇ।
ਦੱਸ ਦੇਈਏ ਕਿ ਕੰਡੇਲਾ ਖਾਪ ਦੇ ਇਤਿਹਾਸਕ ਚਬੂਤਰੇ ‘ਤੇ ਉਨ੍ਹਾਂ ਲਈ ਚਾਹ-ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਗੱਡੀਆਂ ਦੀ ਪਾਰਕਿੰਗ ਲਈ ਤਿੰਨ ਏਕੜ ਵਿੱਚ ਪ੍ਰਬੰਧ ਕੀਤੇ ਗਏ ਹਨ। ਪਿੰਡ ਵਾਸੀਆਂ ਨੇ ਟਿਕੈਤ ਦੇ ਸਵਾਗਤ ਲਈ ਕਈ ਕੁਇੰਟਲ ਫੁੱਲ ਮੰਗਵਾਏ ਹਨ। ਇਸ ਮਹਾਂਪੰਚਾਇਤ ਦਾ ਆਯੋਜਨ ਪਿੰਡ ਦੇ ਮੱਧ ਵਿੱਚ ਸਥਿਤ ਕੰਡੇਲਾ ਖਾਪ ਦੇ ਇਤਿਹਾਸਕ ਚਬੂਤਰੇ ‘ਤੇ ਕੀਤੀ ਜਾਣੀ ਸੀ, ਪਰ ਭੀੜ ਜ਼ਿਆਦਾ ਹੋਣ ਕਾਰਨ ਸੱਤ ਏਕੜ ਵਿੱਚ ਬਣੇ ਖੇਡ ਸਟੇਡੀਅਮ ਨੂੰ ਚੁਣਿਆ ਗਿਆ ਹੈ। ਮੰਗਲਵਾਰ ਨੂੰ ਕੰਡੇਲਾ ਖਾਪ ਦੇ ਮੁਖੀ ਰਾਮਫਲ ਕੰਡੇਲਾ ਅਤੇ ਹੋਰ ਬੀਕੇਯੂ ਨੇਤਾਵਾਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ।
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ 3 ਫਰਵਰੀ ਨੂੰ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੁਲਾਰਾ ਦੇਣ ਲਈ ਖਰਾਵਡ ਆ ਰਹੇ ਹਨ। ਇੱਥੇ ਉਹ ਕਿਸਾਨਾਂ ਨੂੰ ਉਤੇਜਿਤ ਕਰਨ ਦਾ ਕੰਮ ਕਰਨਗੇ । ਉਨ੍ਹਾਂ ਦੇ ਰੋਹਤਕ ਪਹੁੰਚਣ ‘ਤੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਦਸਤਾਰ ਬੰਨ੍ਹ ਕੇ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਿਸਕਾਂ ਅੰਦੋਲਨ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸਦਾ ਹੱਲ ਸਿਰਫ਼ ਗੱਲਬਾਤ ਨਾਲ ਹੀ ਹੋਵੇਗਾ, ਦਬਾਅ ਨਾਲ ਇਹ ਅੰਦੋਲਨ ਖ਼ਤਮ ਨਹੀਂ ਹੋਣ ਵਾਲਾ । ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤ ਵਿੱਚ ਅੰਦੋਲਨ ਕਿਵੇਂ ਚੱਲੇਗਾ, ਇਸ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਕਿਉਂਕਿ ਇਹ ਅੰਦੋਲਨ ਲੰਮਾ ਚੱਲਣ ਵਾਲਾ ਹੈ।