Rakesh tikait on corona : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 133 ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਦੋ ਟੂਕ ਕਿਹਾ ਕਿ ਭਾਵੇਂ ਕੁੱਝ ਵੀ ਹੋਵੇ, ਕਿਸਾਨ ਅੰਦੋਲਨ ਨਹੀਂ ਰੁਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੇ ਨਾਮ ‘ਤੇ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਡਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਰਾਕੇਸ਼ ਟਿਕੈਤ ਅੱਜ ਸਹਾਰਨਪੁਰ ਵਿੱਚ ਸਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਸਰਕਾਰ ਨੂੰ ਕੋਰੋਨਾ ਦੇ ਨਾਮ ‘ਤੇ ਕਿਸਾਨਾਂ ਨੂੰ ਡਰਾਉਣਾ ਬੰਦ ਕਰਨਾ ਚਾਹੀਦਾ ਹੈ।
ਕਿਸਾਨ ਅੰਦੋਲਨ ਸ਼ਾਹੀਨ ਬਾਗ ਨਹੀਂ ਹੈ। ਚਾਹੇ ਦੇਸ਼ ਵਿੱਚ ਕਰਫਿਊ ਹੋਵੇ ਜਾਂ ਤਾਲਾਬੰਦੀ, ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ। ਇਹ ਨਵੰਬਰ-ਦਸੰਬਰ ਤੱਕ ਜਾਰੀ ਰਹੇਗਾ।” “ਰਾਕੇਸ਼ ਟਿਕੈਤ ਸ਼ਹੀਦ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਦੀ ਧੀ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਹਾਰਨਪੁਰ ਆਏ ਸੀ।” ਰਾਕੇਸ਼ ਟਿਕੈਤ ਨੇ ਦੱਸਿਆ ਕਿ ਅੱਜ ਉਹ ਹਿਮਾਚਲ ਪ੍ਰਦੇਸ਼ ਜਾ ਰਹੇ ਹਨ, ਕਿਉਂਕਿ ਉੱਥੇ ਬਾਗਬਾਨੀ ਵਾਲੇ ਬਹੁਤ ਸਾਰੇ ਕਿਸਾਨ ਹਨ। ਇੱਥੋਂ ਉਹ ਕੱਲ ਬਿਹਾਰ ਪਹੁੰਚ ਜਾਣਗੇ, ਜਿਥੇ ਉਹ ਕਿਸਾਨਾਂ ਦੀ ਪੰਚਾਇਤ ਕਰਨਗੇ। ਟਿਕੈਤ ਨੇ ਅਲਵਰ ਵਿੱਚ ਹੋਏ ਹਮਲੇ ‘ਤੇ ਕਿਹਾ ਕਿ ਇਹ ਹਮਲਾ ਉਨ੍ਹਾਂ ‘ਤੇ ਭਾਜਪਾ ਨੇ ਕਰਵਾਇਆ ਸੀ, ਪਰ ਹੁਣ ਉਹ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਚਾਹੁੰਦੇ।