Rakesh Tikait on Delhi borders fencing: ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਕੇਂਦਰ ਸਰਕਾਰ ਲਗਾਤਾਰ ਗੱਲਬਾਤ ਦੇ ਰਸਤੇ ਖੁੱਲ੍ਹੇ ਹੋਣ ਦੀ ਗੱਲ ਕਰ ਰਹੀ ਹੈ, ਪਰ ਦਿੱਲੀ ਦੀਆਂ ਸਰਹੱਦਾਂ ‘ਤੇ ਬਹੁਤ ਸਖਤ ਸੁਰੱਖਿਆ ਕੀਤੀ ਜਾ ਰਹੀ ਹੈ । ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਪੁਲਿਸ ਵੱਲੋਂ ਕੀਤੀ ਗਈ ਵਾੜਬੰਦੀ ਕੀਤੀ ਗਈ ਹੈ। ਇਸ ਵਾੜਬੰਦੀ ਵਿੱਚ ਜਿੱਥੇ ਇੱਕ ਪਾਸੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਨਾਲ ਹੀ ਕਿੱਲਾਂ ਵੀ ਲਗਾਈਆਂ ਗਈਆਂ ਹਨ।
ਇਸ ਦੇ ਵਿਚਕਾਰ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਉਹ ਨੰਬਰ ਉਨ੍ਹਾਂ ਨੂੰ ਚਾਹੀਦੇ ਹਨ ਜਿਸ ‘ਤੇ ਸਰਕਾਰ ਨੇ ਕਿਹਾ ਹੈ ਕਿ ਉਹ ਸਿਰਫ ਇੱਕ ਫੋਨ ਕਾਲ ਹੀ ਦੂਰ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਦਿੱਲੀ ਜਾ ਰਿਹਾ ਸੀ ਤਾਂ ਉਸ ਸਮੇਂ ਵੀ ਕਿੱਲਾਂ ਲਗਾਈਆਂ ਗਈਆਂ ਸਨ। ਹੁਣ ਸਾਨੂੰ ਦਿੱਲੀ ਜਾਣਾ ਹੀ ਨਹੀਂ ਤਾਂ ਫਿਰ ਕਿੱਲਾਂ ਕਿਉਂ ਲਗਾਈਆਂ ਜਾ ਰਹੀਆਂ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਜਿੰਨੇ ਜ਼ਿਆਦਾ ਰਸਤੇ ਬੰਦ ਹੋਣਗੇ, ਓਨਾ ਹੀ ਲੋਕਾਂ ਨੂੰ ਪਤਾ ਲੱਗੇਗਾ ਕਿ ਕੌਣ ਕਿਸਦੇ ਲਈ ਕਿੱਲਾਂ ਲਗਾ ਰਿਹਾ ਹੈ। ਇਹ ਰੋਟੀਆਂ ਨੂੰ ਸੰਦੂਕ ਵਿੱਚ ਬੰਦ ਕਰਨ ਦੀ ਸਾਜਿਸ਼ ਹੈ, ਇਹ ਜਨਤਾ ਨੂੰ ਪਤਾ ਲੱਗ ਗਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ 6 ਫਰਵਰੀ ਨੂੰ ਜੋ ਬੰਦ ਕੀਤਾ ਜਾਵੇਗਾ, ਉਸ ਨਾਲ ਜਨਤਾ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਇਸ ਬਾਰੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਕੀਤੀ ਜਾ ਰਹੀ ਵਾੜਬੰਦੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ । ਸਾਂਝੇ ਕਿਸਾਨ ਮੋਰਚੇ ਨੇ ਫੈਸਲਾ ਲਿਆ ਕਿ ਜਦ ਤੱਕ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਅੰਦੋਲਨ ਖਿਲਾਫ ਵੱਖ-ਵੱਖ ਤਰ੍ਹਾਂ ਦੇ ਜ਼ੁਲਮਾਂ ਨੂੰ ਤੁਰੰਤ ਨਹੀਂ ਰੋਕਿਆ ਜਾਂਦਾ, ਉਦੋਂ ਤੱਕ ਸਰਕਾਰ ਨਾਲ ਕੋਈ ਰਸਮੀ ਗੱਲਬਾਤ ਨਹੀਂ ਹੋ ਸਕਦੀ। ਇਸ ਵਿੱਚ ਖਾਈ ਖੋਦਣ, ਸੜਕਾਂ ‘ਤੇ ਟੋਏ, ਕੰਡਿਆਲੀਆਂ ਤਾਰਾਂ ਦੀ ਵਾੜ ਲਾਉਣਾ, ਛੋਟੀਆਂ ਛੋਟੀਆਂ ਅੰਦਰੂਨੀ ਸੜਕਾਂ ਨੂੰ ਬੰਦ ਕਰਨਾ, ਇੰਟਰਨੈਟ ਸੇਵਾਵਾਂ ਬੰਦ ਕਰਨਾ, ਭਾਜਪਾ-ਆਰਐਸਐਸ ਵਰਕਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਰੋਕਣਾ, ਟ੍ਰੇਨਾਂ ਦੇ ਰੂਟ ਬਦਲਣਾ , ਪੱਤਰਕਾਰਾਂ ਦੀ ਗ੍ਰਿਫਤਾਰੀ ਅਤੇ ਟਵਿੱਟਰ ਅਕਾਊਂਟ ਬੰਦ ਕਰਨਾ ਆਦਿ ਸ਼ਾਮਿਲ ਹੈ।
ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਵੱਖ-ਵੱਖ ਰਾਜਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਵੱਧਦੀ ਤਾਕਤ ਤੋਂ ਬਹੁਤ ਡਰਦੀ ਹੈ। SKM ਨੇ ਵੱਖ-ਵੱਖ ਥਾਣਿਆਂ ਵਿੱਚ ਕਈ ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਅਤੇ ਕਿਸਾਨਾਂ ਦੇ ਵਾਹਨ ਜ਼ਬਤ ਕਰਨ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੈਂਕੜੇ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ ਜੋ ਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।