ਕਿਸਾਨ ਨੇਤਾ ਰਾਕੇਸ਼ ਟਿਕੈਤ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿੰਡਾਂ ਤੇ ਗੁਰਦੁਆਰਿਆਂ ਤੋਂ ਮਿਲਣ ਵਾਲੇ ਫ਼ੰਡ ਨੇ ਕਿਸਾਨਾਂ ਦਾ ਅੰਦੋਲਨ ਇੱਕ ਸਾਲ ਤੱਕ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਪੂਰੀ ਤਰ੍ਹਾਂ ਮੁਕੰਮਲ ਹੋਣ ਤੋਂ ਬਾਅਦ ਉਹ ਆਪਣੀ ਪੂਰੀ ਟੀਮ ਨਾਲ ਫਿਰ ਤੋਂ ਦਰਬਾਰ ਸਾਹਿਬ ਆਉਣਗੇ ਤੇ ਸੇਵਾ ਕਰਨਗੇ। ਇਸ ਮੌਕੇ SGPC ਵੱਲੋਂ ਟਿਕੈਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਗੁਰੂ ਦੇ ਲੰਗਰ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਦੋਸ਼ ਹੈ ਕਿ ਸਾਨੂੰ ਕਿਤੋਂ ਬਾਹਰੋਂ ਫੰਡਿੰਗ ਮਿਲ ਰਹੀ ਹੈ। ਸਾਡੀ ਫੰਡਿੰਗ ਦਾ ਮੁਖ ਸਰੋਤ ਪਿੰਡ ਤੇ ਗੁਰਦੁਆਰੇ ਸਨ। ਕਈ ਧਰਮ ਗੁਰੂਆਂ ਤੇ ਗੁਰਦੁਆਰਿਆਂ ਵੱਲੋਂ ਵੱਡੇ ਪੱਧਰ ‘ਤੇ ਲੰਗਰ ਚਲਾਇਆ ਗਿਆ। ਉਨ੍ਹਾਂ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਗੁਰਦੁਆਰਿਆਂ ਵੱਲੋਂ ਇਸੇ ਤਰ੍ਹਾਂ ਦਾ ਸਹਿਯੋਗ ਮਿਲੇਗਾ।
ਇਹ ਵੀ ਪੜ੍ਹੋ: ਓਮੀਕ੍ਰਾਨ ਦੇ ਖੌਫ ਨਾਲ ਨਿਊਯਾਰਕ ‘ਚ ਐਲਾਨੀ ਗਈ ਐਮਰਜੈਂਸੀ, ‘ਆ ਸਕਦੀ ਹੈ ਮਹਾਮਾਰੀ 2.0’
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੈਂ ਆਪਣੀ ਯੂਨੀਅਨ ਦੇ ਨਾਲ ਦਰਬਾਰ ਸਾਹਿਬ ਵਿਖੇ 4 ਘੰਟੇ ਦਾ ਸਮਾਂ ਬਿਤਾਵਾਂਗਾ ਤੇ ਪੂਰੀ ਸਫਲਤਾ ਹਾਸਿਲ ਕਰਨ ਦੇ ਬਾਅਦ ਸੇਵਾ ਕਰਾਂਗਾ। ਅਸੀਂ ਹਾਲੇ ਪੂਰੀ ਤਰ੍ਹਾਂ ਅੰਦੋਲਨ ਨਹੀਂ ਜਿੱਤੇ ਹਾਂ।
ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਸਿਆਸਤ ਵਿੱਚ ਐਂਟਰੀ ਮਾਰਨ ਦੇ ਸਵਾਲ ‘ਤੇ ਟਿਕੈਤ ਨੇ ਕਿਹਾ ਕਿ SKM ਵੱਲੋਂ ਚੋਣਾਂ ਲੜਨ ਦਾ ਕੋਈ ਪਲਾਨ ਨਹੀਂ ਹੈ। ਭਾਰਤ ਦੇ ਲੋਕਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਆਪਣਾ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ, ਜੋ ਇੱਕਜੁੱਟ ਹੈ ਤੇ ਦੇਸ਼ ਦੇ ਲਈ ਲੜੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ SKM ਤੋਂ ਜ਼ਿਆਦਾ ਸਮਝਦਾਰ ਹੈ। ਜਨਤਾ ਸਹੀ ਸਰਕਾਰ ਦਾ ਹੀ ਸਮਰਥਨ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: