Rakesh Tikait on red fort incident: ਮਹਿਮ ਵਿੱਚ ਹੋਈ ਕਿਸਾਨ ਮਹਾਂਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ । ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ । ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਸਰਕਾਰੀ ਏਜੰਸੀ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਨ੍ਹਾਂ ਨੂੰ ਬੰਧਕ ਬਣਾ ਲਓ। ਇਸ ਦੌਰਾਨ ਟਿਕੈਤ ਨੇ 26 ਜਨਵਰੀ ਦੀ ਘਟਨਾ ਦਾ ਵੀ ਜ਼ਿਕਰ ਕੀਤਾ । ਟਿਕੈਤ ਨੇ ਕਿਹਾ ਕਿ ਜੇ ਇੱਕ ਪਾਈਪ ‘ਤੇ ਧਾਰਮਿਕ ਝੰਡਾ ਲਗਾ ਦਿੱਤਾ ਤਾਂ ਕੀ ਪਾਪ ਕਰ ਦਿੱਤਾ । ਸਰਕਾਰ ਪਹਿਲਾਂ ਹੀ ਲਾਲ ਕਿਲ੍ਹੇ ਨੂੰ ਵੇਚ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਾ ਦੇ ਸੀ.ਐੱਮ. ‘ਤੇ ਵਰ੍ਹਦਿਆਂ ਕਿਹਾ ਕਿ ਜੇ CM ਖੱਟਰ ਵਿਚ ਹਿੰਮਤ ਹੈ ਤਾਂ ਉਹ ਹੈਲੀਕਾਪਟਰ ਤੋਂ ਹੇਠਾਂ ਉਤਰ ਕੇ ਦਿਖਾਉਣ।
ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਅਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ । ਮਹਿਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਅਤੇ ਵਿਧਾਨ ਸਭਾ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਆਵਾਜ਼ ਚੁੱਕੀ ਤਾਂ ਸਰਕਾਰ ਨੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਕਰਵਾ ਦਿੱਤੀ, ਪਰ ਹੁਣ ਬਲਰਾਜ ਕੁੰਡੂ ਜਾਂ ਕਿਸੇ ਹੋਰ ਆਗੂ ਦੇ ਘਰ ਕੋਈ ਵੀ ਵਿਭਾਗ ਛਾਪੇਮਾਰੀ ਕਰਨ ਆਵੇ ਤਾਂ ਉਨ੍ਹਾਂ ਦੇ ਅਧਿਕਾਰੀਆਂ ਨੂੰ ਬੰਧਕ ਬਣਾ ਲਓ।
ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਹਿਤੈਸ਼ੀ ਨੇਤਾਵਾਂ ਨੂੰ ਇਕੱਲਾ ਸਮਝਣ ਦੀ ਸਰਕਾਰ ਗਲਤੀ ਨਾ ਕਰੇ । ਉਨ੍ਹਾਂ ਨਾਲ ਕਿਸਾਨ ਅਤੇ ਆਮ ਲੋਕ ਖੜੇ ਹਨ। ਉਨ੍ਹਾਂ ਕਿਹਾ ਕਿ 26 ਮਾਰਚ ਨੂੰ ਭਾਰਤ ਪੂਰੀ ਤਰ੍ਹਾਂ ਬੰਦ ਰਹੇਗਾ, ਜਿਸ ਵਿੱਚ ਰੇਲ ਅਤੇ ਸੜਕ ਮਾਰਗ ‘ਤੇ ਚੱਕਾ ਜਾਮ ਕੀਤਾ ਜਾਵੇਗਾ।