Rakesh Tikait on shutting down internet: ਨਵੀਂ ਦਿੱਲੀ: ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਕਿਸਾਨਾਂ ਦਾ ਅੱਜ ਵੀ ਦਿੱਲੀ ਦੀ ਗਾਜੀਪੁਰ, ਸਿੰਘੂ, ਟਿਕਰੀ ਬਾਰਡਰ ਅਤੇ ਹੋਰ ਥਾਵਾਂ ‘ਤੇ ਅੰਦੋਲਨ ਜਾਰੀ ਹੈ । ਕੇਂਦਰ ਅਤੇ ਰਾਜ ਸਰਕਾਰ ਨੇ 26 ਜਨਵਰੀ ਦੀ ਸਥਿਤੀ ਪੈਦਾ ਨਾ ਹੋਣ ਵਰਗੇ ਹਾਲਾਤਾਂ ‘ਤੇ ਨਜ਼ਰ ਰੱਖੀ ਹੋਈ ਹੈ। ਸੁਰੱਖਿਆ ਏਜੰਸੀਆਂ ਵੀ ਪੂਰੀ ਤਰ੍ਹਾਂ ਸਟੈਂਡ ਬਾਈ ਮੋਡ ‘ਤੇ ਹਨ। ਯੂਪੀ ਸਰਕਾਰ ਦੇ ਆਦੇਸ਼ਾਂ ‘ਤੇ ਗਾਜ਼ੀਪੁਰ ਬਾਰਡਰ ‘ਤੇ ਬੰਦ ਹੋਈ ਇੰਟਰਨੈੱਟ ਸੇਵਾ ‘ਤੇ ਭਾਰਤੀ ਕਿਸਾਨ ਯੂਨੀਅਨ ਨੇ ਵੀ ਹਮਲਾ ਬੋਲਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਸਿੰਘੂ ਸਰਹੱਦ ‘ਤੇ ਵੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ, ਇਸ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਆਦੇਸ਼ ਪ੍ਰਾਪਤ ਨਹੀਂ ਹੋਇਆ ਹੈ। ਇੰਟਰਨੈੱਟ ਸੇਵਾ ਬੰਦ ਕਰਨ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਅਤੇ ਗਾਜੀਪੁਰ ਬਾਰਡਰ ‘ਤੇ ਅੰਦੋਲਨ ਦੀ ਕਮਾਂਡ ਸੰਭਾਲਦੇ ਹੋਏ ਰਾਕੇਸ਼ ਟਿਕੈਤ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ ਕਿ ਗਾਜ਼ੀਪੁਰ ਸਰਹੱਦ ‘ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ । ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਰੋਕ ਸਕਦੀ।
ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਧਰਮਿੰਦਰ ਮਲਿਕ ਨੇ ਵੀ ਕਿਹਾ ਹੈ ਕਿ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ । ਸਰਕਾਰ ਨੇ 2 ਦਿਨ ਪਹਿਲਾਂ ਹੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਖੋਹਣ ਦਾ ਕੰਮ ਕਰ ਰਹੀ ਹੈ । ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇੰਟਰਨੈੱਟ ਸੇਵਾ ‘ਤੇ ਸਭ ਤੋਂ ਵੱਧ ਪਾਬੰਦੀ ਲਗਾਈ ਹੈ । ਸਰਕਾਰ ਕੋਲ ਸਿਰਫ ਇਹ ਹਥਿਆਰ ਹੈ, ਪਰ ਲੋਕਾਂ ਤੱਕ ਕਿਸਾਨਾਂ ਦੀ ਗੱਲ ਪਹੁੰਚ ਚੁੱਕੀ ਹੈ।
ਦੱਸ ਦੇਈਏ ਕਿ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਰਾਕੇਸ਼ ਟਿਕੈਤ ਦੇ ਭਰਾ ਨਰੇਸ਼ ਟਿਕੈਤ ਨੇ ਵੀ ਕਿਹਾ ਹੈ ਕਿ ਯੂਪੀ ਦੇ ਬਾਗਪਤ ਵਿੱਚ ਐਤਵਾਰ ਨੂੰ ਕਿਸਾਨਾਂ ਦੀ ਇੱਕ ਪੰਚਾਇਤ ਆਯੋਜਿਤ ਕੀਤੀ ਜਾਣੀ ਹੈ। ਪੰਚਾਇਤ ਤੋਂ ਬਾਅਦ, ਅਸੀਂ ਦਿੱਲੀ ਦੀ ਯਾਤਰਾ ਕਰਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਜੋ ਰਾਜਨੀਤੀ ਹੋ ਰਹੀ ਹੈ, ਉਸ ਬਾਰੇ ਪੰਚਾਇਤ ਵਿੱਚ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਇਹ ਵੀ ਦੇਖੋ: ਖਾਲਸਾ ਏਡ ਦੇ ਸ਼ੈਲਟਰ ਹਾਊਸ ਦੀ ਕੀਤੀ ਬੱਤੀ ਗੁੱਲ, ਅਫਸਰ ਕਹਿੰਦੇ ਉਤੋਂ ਆਡਰ ਆਏ ਨੇ