Rakesh Tikait on Tractor March: ਦੇਸ਼ ਦੇ ਲਈ ਅੱਜ ਦਾ ਦਿਨ ਬਹੁਤ ਅਹਿਮ ਹੈ। ਭਾਰਤ ਅੱਜ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਵਿਚਾਲੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ । ਕਿਸਾਨਾਂ ਵੱਲੋਂ ਦਿੱਲੀ ਦੇ 3 ਬਾਰਡਰਾਂ ‘ਤੇ ਬੈਰੀਕੇਡ ਤੋੜ ਦਿੱਤੇ ਗਏ ਹਨ। ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਨੂੰ ਇੱਕ ਰੂਟ ਦਿੱਤਾ ਗਿਆ ਹੈ, ਅਸੀਂ ਉਸ ਰੂਟ ‘ਤੇ ਹੀ ਟਰੈਕਟਰ ਪਰੇਡ ਕਰਨ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਨਹੀਂ ਹੋਵੇਗਾ। ਇਸ ਟਰੈਕਟਰ ਪਰੇਡ ਵਿੱਚ ਨਿਯਮਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ।
ਦੱਸ ਦੇਈਏ ਕਿ ਅਲਵਰ ਦੇ ਸ਼ਾਹਜਹਾਂਪੁਰ ਬਾਰਡਰ ਤੋਂ ਟਰੈਕਟਰ ਲੈ ਕੇ ਕਿਸਾਨਾਂ ਦਾ ਦਿੱਲੀ ਕੂਚ ਸਵੇਰੇ 11 ਵਜੇ ਤੋਂ ਸ਼ੁਰੂ ਹੋ ਗਿਆ ਹੈ । ਹਰਿਆਣਾ ਪੁਲਿਸ ਨੇ ਜੈਪੁਰ-ਦਿੱਲੀ ਹਾਈਵੇ ‘ਤੇ ਬਾਰਡਰ ਤੋਂ ਬੈਰੀਕੇਡਿੰਗ ਹਟਾ ਦਿੱਤੀ ਹੈ । ਇੱਕ-ਇੱਕ ਕਰ ਕੇ ਟਰੈਕਟਰ ਨੂੰ ਕੱਢਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਟਰੈਕਟਰ ਪਰੇਡ ਵਿੱਚ ਟਰੈਕਟਰਾਂ ਨਾਲੋਂ ਵਧੇਰੇ ਜੀਪਾਂ ਅਤੇ ਕਾਰਾਂ ਹਨ। ਜੈਪੁਰ-ਦਿੱਲੀ ਹਾਈਵੇ ‘ਤੇ 30 ਕਿਲੋਮੀਟਰ ਤੱਕ ਗੱਡੀਆਂ ਦਾ ਜਾਮ ਲੱਗਿਆ ਹੋਇਆ ਹੈ। ਉਨ੍ਹਾਂ ‘ਤੇ ਤਿਰੰਗਾ ਝੰਡਾ ਲਾਇਆ ਹੋਇਆ ਹੈ ਤੇ ਨਾਲ ਹੀ ਦੇਸ਼ ਭਗਤੀ ਦੇ ਗਾਣੇ ਵੀ ਵੱਜ ਰਹੇ ਹਨ। ਹਰਿਆਣਾ ਸਰਕਾਰ ਨੇ 1500 ਟਰੈਕਟਰਾਂ ਅਤੇ ਇੱਕ ‘ਤੇ 3 ਲੋਕਾਂ ਨੂੰ ਬੈਠਣ ਦੀ ਆਗਿਆ ਦਿੱਤੀ ਗਈ ਹੈ।
ਇਹ ਵੀ ਦੇਖੋ: ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !