Rakesh Tikait said: ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਜੇਕਰ ਸੰਯੁਕਤ ਕਿਸਾਨ ਮੋਰਚਾ ਨੂੰ ਗੱਲਬਾਤ ਦਾ ਸੱਦਾ ਭੇਜੇਗੀ ਤਾਂ ਮੋਰਚਾ ਉਸ ‘ਤੇ ਵਿਚਾਰ ਜ਼ਰੂਰ ਕਰੇਗਾ । ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ 22 ਜਨਵਰੀ ਨੂੰ ਰੁਕੀ ਸੀ। ਤਿੰਨਾਂ ਖੇਤੀ ਕਾਨੂੰਨਾਂ ਦੀ ਵਾਪਸੀ, ਐਮਐਸਪੀ ਲਈ ਕਾਨੂੰਨ ‘ਤੇ ਗੱਲ ਹੋਵੇਗੀ ਤੇ ਕਿਸਾਨਾਂ ਦੇ ਮੁੱਦੇ ਵੀ ਉਹੀ ਰਹਿਣਗੇ।
ਦਰਅਸਲ, ਐਤਵਾਰ ਨੂੰ ਰਾਕੇਸ਼ ਟਿਕੈਤ ਸਿੰਘੂ ਬਾਰਡਰ ‘ਤੇ ਆਯੋਜਿਤ ਕੀਤੀ ਗਈ ਸਰਵਖਾਪ ਪੰਚਾਇਤ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ.ਅੰਬੇਦਕਰ ਦੇ ਜਨਮ ਦਿਨ ‘ਤੇ ਕਿਸਾਨ ਮੋਰਚੇ ਵੱਲੋਂ ‘ਸੰਵਿਧਾਨ ਬਚਾਓ ਦਿਵਸ’ ਮਨਾਇਆ ਜਾਵੇਗਾ । ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਅੰਦੋਲਨ ਦੇ ਸਾਰੇ ਮੋਰਚਿਆਂ ‘ਤੇ ਖਾਲਸਾ ਪੰਥ ਸਥਾਪਨਾ ਦਿਵਸ ਮਨਾਇਆ ਜਾਵੇਗਾ ਤੇ ਜਲ੍ਹਿਆਂਵਾਲਾ ਬਾਗ ਘਟਨਾ ਦੀ ਬਰਸੀ ‘ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਖੇਤੀ ਮੰਤਰੀ ਦੇ ਬਿਆਨ ਦੇ ਸਵਾਲ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਜਿਵੇਂ 22 ਜਨਵਰੀ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੂੰ ਗੱਲਬਾਤ ਦਾ ਸੱਦਾ ਭੇਜਦੀ ਰਹੀ ਹੈ, ਉਸੇ ਤਰ੍ਹਾਂ ਸੱਦਾ ਭੇਜੇਗੀ ਤਾਂ ਮੋਰਚਾ ਉਸ ‘ਤੇ ਵਿਚਾਰ ਜ਼ਰੂਰ ਕਰੇਗਾ । ਗੱਲਬਾਤ ਦੇ ਮੁੱਦਿਆਂ ਦੇ ਸਵਾਲ ‘ਤੇ ਟਿਕੈਤ ਨੇ ਦੋ ਟੁੱਕ ਕਿਹਾ ਕਿ ਗੱਲਬਾਤ ਦੇ ਮੁੱਦੇ ਪਹਿਲਾਂ ਵਾਲੇ ਹੀ ਰਹਿਣਗੇ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 14 ਅਪ੍ਰੈਲ ਨੂੰ ਪਾਣੀਪਤ ਦੇ ਬਡੋਲੀ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਦੋਸ਼ ਲਾਇਆ ਕਿ ਬਾਬਾ ਸਾਹਿਬ ਦੀ ਮੂਰਤੀ ਦੇ ਉਦਘਾਟਨ ਦੀ ਆੜ ਵਿੱਚ ਖੱਟਰ ਦੇ ਪਹੁੰਚਣ ਨਾਲ ਆਪਸੀ ਤਾਣਾ-ਬਾਣਾ ਖਰਾਬ ਹੋ ਸਕਦਾ ਹੈ।
ਇਹ ਵੀ ਦੇਖੋ: ਡਾਕਟਰ ਲੈਂਦੇ ਲੱਖਾਂ ਰੁਪਏ, ਅੰਮ੍ਰਿਤਸਰ ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ/ਲਕਵਾ!