ਕਿਸਾਨ ਅੰਦੋਲਨ ਫਤਿਹ ਹੋਣ ਤੋਂ ਬਾਅਦ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾ ਰਹੇ ਹਨ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਬੁੱਧਵਾਰ ਨੂੰ ਆਖਰੀ ਜੱਥੇ ਨਾਲ ਗ਼ਾਜ਼ੀਪੁਰ ਬਾਰਡਰ ਤੋਂ ਰਵਾਨਾ ਹੋਏ, ਜਿੱਥੇ ਰਸਤੇ ਵਿੱਚ ਲੋਕਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਕਿਸਾਨ ਅੰਦੋਲਨ ਫਤਹਿ ਹੋਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਚੋਣਾਂ ਲੜਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਚੋਣ ਲੜਨ ਨੂੰ ਲੈ ਕੇ ਰਾਕੇਸ਼ ਟਿਕੈਤ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕੋਈ ਚੋਣ ਨਹੀਂ ਲੜਨਗੇ ਕਿਉਂਕਿ ਉਹ ਖੇਤੀ ਕਾਨੂੰਨਾਂ ਵਿਰੁੱਧ ਇੱਕ ਸਾਲ ਲੰਬੇ ਪ੍ਰਦਰਸ਼ਨ ਦੀ ਅਗਵਾਈ ਕਰਨ ਤੋਂ ਬਾਅਦ ਮੇਰਠ ਪਰਤੇ ਹਨ। ਚੋਣਾਂ ਨਾ ਲੜਨ ਦੇ ਐਲਾਨ ਦੇ ਨਾਲ-ਨਾਲ ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪੋਸਟਰਾਂ ਵਿੱਚ ਉਨ੍ਹਾਂ ਦੀਆਂ ਫੋਟੋਆਂ ਜਾਂ ਨਾਮ ਦੀ ਵਰਤੋਂ ਨਾ ਕਰਨ ।
ਇਹ ਵੀ ਪੜ੍ਹੋ: ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ‘ਚ ਨਤਮਸਤਕ ਹੋਣਗੇ CM ਚੰਨੀ, ਕਈ ਪ੍ਰੋਜੈਕਟਾਂ ਦਾ ਵੀ ਕਰਨਗੇ ਉਦਘਾਟਨ
ਜ਼ਿਕਰਯੋਗ ਹੈ ਕਿ ਟਿਕੈਤ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਬੀਤੇ ਦਿਨ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦਾ ਸੱਦਾ ਦਿੱਤਾ ਸੀ । ਦਰਅਸਲ, ਜੌਨਪੁਰ ਰੈਲੀ ਦੌਰਾਨ ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਉਹ ਰਾਕੇਸ਼ ਟਿਕੈਤ ਨੂੰ ਲੰਮੇ ਸਮੇਂ ਤੋਂ ਜਾਂਦੇ ਹਨ ਅਤੇ ਉਹ ਸਮੇਂ-ਸਮੇਂ ‘ਤੇ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਦੇ ਰਹੇ ਹਨ । ਅਖਿਲੇਸ਼ ਨੇ ਕਿਹਾ ਸੀ ਕਿ ਜੇਕਰ ਟਿਕੈਤ ਚੋਣ ਲੜਨਾ ਚਾਹੁੰਦੇ ਹਨ ਤਾਂ ਇਹ ਚੰਗੀ ਗੱਲ ਹੈ ਅਤੇ ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਦੱਸ ਦੇਈਏ ਕਿ ਗਾਜ਼ੀਪੁਰ ‘ਤੇ ਇੱਕ ਸਾਲ ਪਹਿਲਾਂ ਡੇਰਾ ਲਾਉਣ ਵਾਲੇ ਕਿਸਾਨ ਆਖਿਰਕਾਰ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ ‘ਚ ਵਿਜੇ ਯਾਤਰਾ ਦੇ ਨਾਲ ਅੰਦੋਲਨ ਨੂੰ ‘ਮੁਲਤਵੀ’ ਕਰਕੇ ਵਾਪਸ ਘਰ ਪਰਤ ਆਏ। ਇਸ ਮੌਕੇ ਟਿਕੈਤ ਨੇ ਕਿਹਾ ਕਿ ਅੰਦੋਲਨ ਨੇ ਬਹੁਤ ਕੁਝ ਸਿਖਾਇਆ ਹੈ ਅਤੇ ਇਸ ਨੂੰ ਯਾਦ ਰੱਖਿਆ ਜਾਵੇਗਾ। ਅੰਦੋਲਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਹਮੇਸ਼ਾ ਨਾਲ ਰਹਿਣਗੀਆਂ।
ਵੀਡੀਓ ਲਈ ਕਲਿੱਕ ਕਰੋ -: