Rakesh tikait tears : ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨੀ ਅੰਦੋਲਨ ਜੋ ਢਿੱਲਾ ਹੁੰਦਾ ਜਾਪ ਰਿਹਾ ਸੀ, ਬੀਤੇ ਦਿਨ ਕੁੱਝ ਅਜਿਹਾ ਹੋਇਆ ਜਿਸ ਨੇ ਅੰਦੋਲਨ ਨੂੰ ਫਿਰ ਤੋਂ ਜੀਵਿਤ ਕਰ ਦਿੱਤਾ। ਹੁਣ ਕਿਸਾਨ ਅੰਦੋਲਨ ਦਾ ਪੂਰਾ ਕੇਂਦਰ ਸਿੰਘੂ ਸਰਹੱਦ ਦੇ ਨਾਲ-ਨਾਲ ਦਿੱਲੀ-ਯੂਪੀ ਦਾ ਗਾਜ਼ੀਪੁਰ ਬਾਰਡਰ ਵੀ ਬਣ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਇੱਥੇ ਦੋ ਮਹੀਨਿਆਂ ਤੋਂ ਇਕੱਠੇ ਹੋਏ ਹਨ, ਪਰ ਕਲ ਯੂਪੀ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸਨ। ਦੁਪਹਿਰ ਤੱਕ, ਅੰਦੋਲਨ ਖਤਮ ਹੁੰਦਾ ਹੋਇਆ ਜਾਪ ਰਿਹਾ ਸੀ, ਪਰ ਯੂਪੀ ਸਰਕਾਰ ਇੱਥੇ ਸਫਲ ਨਹੀਂ ਹੋ ਸਕੀ। ਕੱਲ ਸ਼ਾਮ ਨੂੰ ਕੁੱਝ ਘੰਟਿਆਂ ‘ਚ ਹੀ ਗਾਜ਼ੀਪੁਰ ਬਾਰਡਰ ਦੀ ਤਸਵੀਰ ਬਦਲ ਗਈ ਸੀ। ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਕੇਸ਼ ਟਿਕੈਤ ਦੇ ਹੰਝੂ ਕਿਸਾਨ ਅੰਦੋਲਨ ਦੇ ਲਈ ਸੰਜੀਵਨੀ ਬੂਟੀ ਸਾਬਿਤ ਹੋਏ ਹਨ।
ਦਰਅਸਲ ਕੱਲ ਵੀਰਵਾਰ ਦੁਪਹਿਰ ਨੂੰ ਰਾਕੇਸ਼ ਟਿਕੈਤ ਨੂੰ ਦਿੱਲੀ ਪੁਲਿਸ ਨੇ ਨੋਟਿਸ ਦਿੱਤਾ ਸੀ। ਟਰੈਕਟਰ ਪਰੇਡ ਦੌਰਾਨ ਨਿਰਧਾਰਤ ਸ਼ਰਤਾਂ ਨੂੰ ਤੋੜਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਗਾਜ਼ੀਪੁਰ ਸਰਹੱਦ ‘ਤੇ ਜਾ ਕੇ ਨੋਟਿਸ ਦਿੱਤਾ ਸੀ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸੀ, ਕਿ ਸ਼ਾਇਦ ਰਾਕੇਸ਼ ਟਿਕੈਤ ਨੂੰ ਗਿਰਫ਼ਤਾਰ ਕਰ ਧਰਨਾ ਖਤਮ ਕਰਵਾ ਦਿੱਤਾ ਜਾਵੇ। ਕਿਉਂਕ ਸ਼ਾਮ ਤੱਕ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਯੂਪੀ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ। ਵੀਰਵਾਰ ਸ਼ਾਮ ਨੂੰ ਨੋਇਡਾ, ਗਾਜ਼ੀਆਬਾਦ ਦੇ ਅਧਿਕਾਰੀ ਭਾਰੀ ਸੁਰੱਖਿਆ ਬਲਾਂ ਦੇ ਨਾਲ ਗਾਜੀਪੁਰ ਸਰਹੱਦੀ ਜਗ੍ਹਾ ‘ਤੇ ਪਹੁੰਚੇ। ਰਾਕੇਸ਼ ਟਿਕੈਤ ਨਾਲ ਗੱਲ ਕੀਤੀ, ਉਥੇ ਟੈਂਟਾਂ ਅਤੇ ਪਖਾਨੇ ਹਟਾਉਣੇ ਸ਼ੁਰੂ ਕਰ ਦਿੱਤੇ। ਗਾਜੀਪੁਰ ਦੀ ਸਰਹੱਦ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਹੋ ਗਈ ਸੀ, ਪਰ ਪ੍ਰਸ਼ਾਸਨ ਧਰਨੇ ਨੂੰ ਖਤਮ ਕਰਵਾਉਣ ਵਿੱਚ ਸਫਲ ਨਹੀਂ ਹੋ ਸਕਿਆ।
ਦੇਰ ਰਾਤ ਜਦੋਂ ਪੁਲਿਸ ਮੁਲਾਜ਼ਮਾਂ ਨੇ ਰਾਕੇਸ਼ ਟਿਕਟ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਹਿਮਤ ਨਹੀਂ ਹੋਏ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਭਾਵੁਕ ਹੋ ਬਹੁਤ ਰੋਏ ਅਤੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਜੇ ਤਿੰਨ ਕਾਨੂੰਨ ਵਾਪਿਸ ਨਾ ਕੀਤੇ ਗਏ ਤਾਂ ਉਹ ਖੁਦਕੁਸ਼ੀ ਕਰ ਲੈਣਗੇ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ ਧਰਨੇ ਵਾਲੀ ਥਾਂ ਤੋਂ ਪਿੱਛੇ ਨਾ ਹੱਟਣ ਲਈ ਕਿਹਾ। ਇਹ ਵੇਖਦਿਆਂ ਹੀ ਕਿਸਾਨ ਫਿਰ ਜੋਸ਼ ਵਿੱਚ ਆ ਗਏ, ਮੁਜ਼ੱਫਰਨਗਰ ਵਿੱਚ ਨਰੇਸ਼ ਟਿਕੈਤ ਨੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਿਤ ਕੀਤਾ ਅਤੇ ਮਹਾਂ ਪੰਚਾਇਤ ਦਾ ਐਲਾਨ ਕੀਤਾ।
ਇੰਨਾ ਹੀ ਨਹੀਂ, ਦੇਰ ਰਾਤ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਦੇ ਕਈ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਗਾਜ਼ੀਪੁਰ ਦੀ ਸਰਹੱਦ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਗਾਜੀਪੁਰ ਸਰਹੱਦ ‘ਤੇ ਬਦਲਦੇ ਮਾਹੌਲ ਨੂੰ ਵੇਖਦਿਆਂ ਯੂਪੀ ਪ੍ਰਸ਼ਾਸਨ ਦਾ ਰਵੱਈਆ ਢਿੱਲਾ ਪੈ ਗਿਆ। ਗਾਜ਼ੀਪੁਰ ਸਰਹੱਦ ‘ਤੇ ਬਿਜਲੀ ਦੀ ਬਹਾਲੀ ਕਰ ਦਿੱਤੀ ਗਈ ਅਤੇ ਕਾਰਵਾਈ ਨੂੰ ਦੇਰ ਰਾਤ ਮੁਲਤਵੀ ਕਰ ਦਿੱਤਾ ਗਿਆ। ਹੁਣ ਸਾਰਿਆਂ ਦੀ ਨਜ਼ਰ ਸ਼ੁੱਕਰਵਾਰ ਨੂੰ ਕਿਸਾਨਾਂ ਅਤੇ ਸਰਕਾਰ ਦੇ ਰਵੱਈਏ ‘ਤੇ ਟਿਕੀ ਹੋਈ ਹੈ।
ਇਹ ਵੀ ਦੇਖੋ : ਗਾਜ਼ੀਪੁਰ ਬਾਰਡਰ ‘ਤੇ ਵੱਡੀ ਗਿਣਤੀ ‘ਚ ਵੱਧ ਰਹੇ ਕਿਸਾਨਾਂ ਦੇਖ ਕੇ ਪੁਲਿਸ ਖੁਦ ਹੋਈ ਫਰਾਰ