Rakesh Tikait to visit Gujarat: ਕਿਸਾਨ ਆਗੂ ਰਾਕੇਸ਼ ਟਿਕੈਤ ਹੁਣ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰਦੇ ਦਿਖਾਈ ਦੇ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦਾ ਰਾਕੇਸ਼ ਟਿਕਟ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਰਿਹਾ ਹੈ ਅਤੇ ਹੁਣ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਉਹ ਗੁਜਰਾਤ ਦਾ ਦੌਰਾ ਵੀ ਕਰਨਗੇ । ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ ਗੁਜਰਾਤ, ਮਹਾਰਾਸ਼ਟਰ ਤੋਂ ਬਹੁਤ ਸਾਰੇ ਕਿਸਾਨ ਦਿੱਲੀ ਬਾਰਡਰ ‘ਤੇ ਜਾਰੀ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ। ਅਜਿਹੀ ਸਥਿਤੀ ਵਿੱਚ ਹੁਣ ਉਹ ਇਨ੍ਹਾਂ ਰਾਜਾਂ ਵਿੱਚ ਜਾਣਗੇ ਅਤੇ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ।
ਨਵੇਂ ਖੇਤੀਬਾੜੀ ਕਾਨੂੰਨਾਂ ਦੀ ਅਲੋਚਨਾ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਹੈ। ਅੱਜ ਜੋ ਦੁੱਧ ਪਿੰਡ ਵਿੱਚ 20-22 ਰੁਪਏ ਪ੍ਰਤੀ ਲੀਟਰ ਮਿਲਦਾ ਹੈ, ਓਹੀ ਸ਼ਹਿਰਾਂ ਵਿੱਚ 50 ਰੁਪਏ ਪ੍ਰਤੀ ਲੀਟਰ ਵਿਕਦਾ ਹੈ । ਇਸੇ ਤਰ੍ਹਾਂ ਜੇਕਰ ਖੇਤੀ ਨਿੱਜੀ ਕੰਪਨੀਆਂ ਦੇ ਹੱਥ ਆ ਜਾਵੇਗੀ ਤਾਂ ਫਸਲਾਂ ਦੇ ਭਾਅ ਵੀ ਇਸੇ ਤਰ੍ਹਾਂ ਤੈਅ ਕੀਤੇ ਜਾਣਗੇ।
ਦਰਅਸਲ, ਐਤਵਾਰ ਨੂੰ ਗੁਜਰਾਤ ਤੋਂ ਆਏ ਕਿਸਾਨਾਂ ਨੇ ਰਾਕੇਸ਼ ਟਿਕੈਤ ਨੂੰ ਚਰਖਾ ਸੌਂਪਿਆ। ਰਾਕੇਸ਼ ਟਿਕੈਤ ਨੇ ਕਿਹਾ ਕਿ ਗਾਂਧੀ ਜੀ ਨੇ ਚਰਖਾ ਚਲਾ ਕੇ ਅੰਗਰੇਜਾਂ ਨੂੰ ਬਾਹਰ ਭੇਜਿਆ ਸੀ, ਅਸੀਂ ਵੀ ਚਰਖਾ ਚਲਾ ਕੇ ਕੰਪਨੀਆਂ ਨੂੰ ਬਾਹਰ ਭੇਜਾਂਗੇ । ਅਸੀਂ ਗੁਜਰਾਤ ਜਾ ਕੇ ਕਿਸਾਨਾਂ ਨੂੰ ਇਕੱਠੇ ਕਰਨ ਦਾ ਕੰਮ ਕਰਾਂਗੇ।
ਦੱਸ ਦਈਏ ਕਿ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਤਕਰੀਬਨ 3 ਮਹੀਨੇ ਹੋ ਗਏ ਹਨ । ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਯੂਪੀ, ਰਾਜਸਥਾਨ, ਹਰਿਆਣਾ, ਪੰਜਾਬ ਤੋਂ ਬਾਅਦ ਹੁਣ ਇਹ ਗੂੰਜ ਬੰਗਾਲ ਵਿੱਚ ਵੀ ਪਹੁੰਚ ਗਈ ਹੈ। ਨਾਲ ਹੀ, ਹੁਣ ਰਾਕੇਸ਼ ਟਿਕੈਤ ਨੇ ਗੁਜਰਾਤ, ਮਹਾਰਾਸ਼ਟਰ ਵਿੱਚ ਵੀ ਅਜਿਹੀਆਂ ਸਭਾਵਾਂ ਦੀ ਗੱਲ ਕੀਤੀ ਹੈ।