Ram Mandir Trust Buys: ਰਾਮ ਮੰਦਰ ਕੰਪਲੈਕਸ ਦਾ ਵਿਸਥਾਰ 70 ਏਕੜ ਤੋਂ ਵਧਾ ਕੇ 107 ਏਕੜ ਕਰਨ ਦੀ ਯੋਜਨਾ ਤਹਿਤ ‘ਰਾਮ ਜਨਮ ਭੂਮੀ ਤੀਰਥ ਖੇਤਰ’ ਨੇ ਰਾਮ ਜਨਮ ਭੂਮੀ ਕੰਪਲੈਕਸ ਕੋਲ 7,285 ਵਰਗ ਫੁੱਟ ਜ਼ਮੀਨ ਖਰੀਦੀ ਹੈ। ਟਰੱਸਟ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਪਵਿੱਤਰ ਸ਼ਹਿਰ ਵਿੱਚ ਰਾਮ ਮੰਦਰ ਦਾ ਨਿਰਮਾਣ ਕਰ ਰਹੇ ਟਰੱਸਟ ਨੇ 7,285 ਵਰਗ ਫੁਟ ਜ਼ਮੀਨ ਖਰੀਦਣ ਲਈ 1,373 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਨਾਲ 1 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
ਇਸ ਬਾਰੇ ਟਰੱਸਟੀ ਅਨਿਲ ਮਿਸ਼ਰਾ ਨੇ ਕਿਹਾ ਕਿ ਅਸੀਂ ਇਹ ਜ਼ਮੀਨ ਖਰੀਦੀ ਹੈ, ਕਿਉਂਕਿ ਰਾਮ ਮੰਦਰ ਦੇ ਨਿਰਮਾਣ ਲਈ ਸਾਨੂੰ ਹੋਰ ਥਾਂ ਚਾਹੀਦੀ ਸੀ । ਟਰੱਸਟ ਵੱਲੋਂ ਖਰੀਦੀ ਗਈ ਇਹ ਜ਼ਮੀਨ ਅਸ਼ਰਫੀ ਭਵਨ ਨੇੜੇ ਸਥਿਤ ਹੈ। ਉੱਥੇ ਹੀ ਫੈਜਾਬਾਦ ਦੇ ਡਿਪਟੀ ਰਜਿਸਟਰਾਰ ਐੱਸਬੀ ਸਿੰਘ ਨੇ ਦੱਸਿਆ ਕਿ ਜ਼ਮੀਨ ਦੇ ਮਾਲਕ ਦੀਪ ਨਰੈਣ ਨੇ ਟਰੱਸਟ ਦੇ ਸਕੱਤਰ ਚੰਪਤ ਰਾਏ ਦੇ ਪੱਖ ਵਿੱਚ 7,285 ਵਰਗ ਫੁੱਟ ਜ਼ਮੀਨ ਦੀ ਰਜਿਸਟਰੀ ਦੇ ਦਸਤਾਵੇਜ਼ਾਂ ’ਤੇ 20 ਫਰਵਰੀ ਨੂੰ ਦਸਤਖ਼ਤ ਕੀਤੇ ਸਨ । ਮਿਸ਼ਰਾ ਅਤੇ ਆਪਣਾ ਦਲ ਦੇ ਵਿਧਾਇਕ ਇੰਦੂ ਪ੍ਰਤਾਪ ਤਿਵਾੜੀ ਨੇ ਗਵਾਹ ਦੇ ਤੌਰ ’ਤੇ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ ਸਨ ।
ਸੂਤਰਾਂ ਅਨੁਸਾਰ ਟਰੱਸਟ ਮੰਦਰ ਦਾ ਨਿਰਮਾਣ 107 ਏਕੜ ਵਿੱਚ ਕਰਨਾ ਚਾਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਸਟ ਦੀ ਯੋਜਨਾ ਅਜੇ ਹੋਰ ਜ਼ਮੀਨ ਖਰੀਦਣ ਦੀ ਹੈ। ਰਾਮ ਮੰਦਰ ਨੇੜੇ ਸਥਿਤ ਮੰਦਰਾਂ, ਮਕਾਨਾਂ ਅਤੇ ਖਾਲੀ ਮੈਦਾਨਾਂ ਦੇ ਮਾਲਕਾਂ ਨਾਲ ਇਸ ਸਬੰਧ ਵਿੱਚ ਗੱਲਬਾਤ ਜਾਰੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਦਰ ਦਾ ਨਿਰਮਾਣ 5 ਏਕੜ ਜ਼ਮੀਨ ’ਤੇ ਕੀਤਾ ਜਾਵੇਗਾ ਅਤੇ ਬਾਕੀ ਜ਼ਮੀਨ ’ਤੇ ਅਜਾਇਬਘਰ ਅਤੇ ਲਾਇਬ੍ਰੇਰੀ ਆਦਿ ਵਰਗੇ ਕੇਂਦਰ ਬਣਾਏ ਜਾਣਗੇ।
ਇਹ ਵੀ ਦੇਖੋ: ਤਿਹਾੜ ਜੇਲ੍ਹ ਤੋਂ ਪਰਤਿਆ ਬੇਹਾਲ ਗੁਰਦੀਪ, ਭਿੱਜੀਆਂ ਅੱਖਾਂ ਨਾਲ ਉਡੀਕਦੇ ਪਰਿਵਾਰ ਦਾ ਹੁਣ ਦੇਖੋ ਹਾਲ !