Ram Vilas Paswan cremation: ਪਟਨਾ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਅੱਜ ਰਾਜ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ । ਕੇਂਦਰੀ ਕਾਨੂੰਨ ਅਤੇ ਵਿਧੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਪਟਨਾ ਵਿੱਚ ਹੋਣ ਵਾਲੇ ਅੰਤਿਮ ਸਸਕਾਰ ਵਿੱਚ ਕੇਂਦਰ ਸਰਕਾਰ ਦੀ ਪ੍ਰਤੀਨਿਧਤਾ ਕਰਨਗੇ । ਪਾਸਵਾਨ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 12.30 ਵਜੇ ਪਟਨਾ ਸਥਿਤ ਉਨ੍ਹਾਂ ਦੀ ਰਿਹਾਇਸ਼ ਕ੍ਰਿਸ਼ਨਾ ਪੁਰੀ ਤੋਂ ਜਨਾਰਦਨ ਘਾਟ ਲਿਆਂਦੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ।
ਰਾਮ ਵਿਲਾਸ ਪਾਸਵਾਨ ਦੀ ਦੇਹ ਨੂੰ ਸ਼ੁੱਕਰਵਾਰ ਸ਼ਾਮ ਨੂੰ ਪਟਨਾ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਧਾਨ ਸਭਾ ਅਤੇ ਪਾਰਟੀ ਦਫਤਰ ਵਿੱਚ ਸ਼ਰਧਾਂਜਲੀ ਦਿੱਤੀ ਗਈ । ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਣੇ ਰਾਜ ਦੇ ਕਈ ਨੇਤਾਵਾਂ ਨੇ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਰਧਾਂਜਲੀ ਭੇਟ ਕੀਤੀ । ਏਅਰਪੋਰਟ ‘ਤੇ ਜਦੋਂ ਉਸ ਦੀ ਮ੍ਰਿਤਕ ਦੇਹ ਪਹੁੰਚੀ ਤਾਂ ਪੁੱਤਰ ਚਿਰਾਗ ਪਾਸਵਾਨ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੌਜੂਦ ਸੀ । ਏਅਰਪੋਰਟ ‘ਤੇ ਵੀ ਨੇਤਾਵਾਂ ਨੇ ਸ਼ਰਧਾਂਜਲੀਆਂ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਦੇਹ ਨੂੰ ਵਿਧਾਨ ਸਭਾ ਵਿੱਚ ਲਿਜਾਇਆ ਗਿਆ।
ਦੱਸ ਦੇਈਏ ਕਿ ਪ੍ਰਮੁੱਖ ਦਲਿਤ ਨੇਤਾਵਾਂ ਵਿੱਚ ਸ਼ਾਮਿਲ ਪਾਸਵਾਨ 74 ਸਾਲਾਂ ਦੇ ਸਨ। ਐਲਜੇਪੀ ਦੇ ਸੰਸਥਾਪਕ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਦੇ ਮੰਤਰੀ ਪਾਸਵਾਨ ਨੂੰ ਕਈ ਹਫ਼ਤਿਆਂ ਤੋਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਹਾਲ ਹੀ ਵਿੱਚ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ ਸੀ । ਸਮਾਜਵਾਦੀ ਅੰਦੋਲਨ ਦੇ ਥੰਮ੍ਹਾਂ ਵਿੱਚੋਂ ਇੱਕ ਪਾਸਵਾਨ ਬਾਅਦ ਦੇ ਦਿਨਾਂ ਵਿੱਚ ਬਿਹਾਰ ਦੇ ਪ੍ਰਮੁੱਖ ਦਲਿਤ ਆਗੂ ਵਜੋਂ ਉੱਭਰਿਆ ਅਤੇ ਜਲਦੀ ਹੀ ਕੌਮੀ ਰਾਜਨੀਤੀ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ । 1990 ਦੇ ਦਸ਼ਕ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇਂਕਰਨ ਸਬੰਧੀ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿੱਚ ਪਾਸਵਾਨ ਦੀ ਭੂਮਿਕਾ ਮਹੱਤਵਪੂਰਣ ਸੀ।