ਲਖੀਮਪੁਰ ਵਿੱਚ ਵਾਪਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪਿੱਛੋਂ ਤੋਂ ਆ ਰਹੀਆਂ ਦੋ ਗੱਡੀਆਂ ਨੇ ਕਿਸ ਤਰ੍ਹਾਂ ਕੁਚਲਿਆ ਹੈ।
ਦਰਅਸਲ, ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਭਾਜਪਾ ‘ਤੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸੇ ਵਿਚਾਲੇ ਹੁਣ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਇਸ ਵੀਡੀਓ ਨੂੰ ਸਾਂਝੀ ਕਰਦਿਆਂ ਮੋਦੀ ਸਰਕਾਰ ‘ਤੇ ਵਾਰ ਕੀਤਾ ਹੈ।
ਦੱਸ ਦੇਈਏ ਕਿ ਮੋਦੀ ਸਰਕਾਰ ‘ਤੇ ਵਾਰ ਕਰਦਿਆਂ ਸੁਰਜੇਵਾਲਾ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਸਾਨਾਂ ਨੂੰ ਕੁਚਲਣ ਵਾਲੀ ਇਸ ਵੀਡੀਓ ਦੇ 36 ਘੰਟਿਆਂ ਬਾਅਦ ਵੀ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨੂੰ ਨਾ ਤਾਂ ਬਰਖ਼ਾਸਤ ਕੀਤਾ ਗਿਆ ਅਤੇ ਨਾ ਹੀ ਕਤਲ ਦਾ ਕੇਸ ਦਰਜ ਕੀਤਾ ਗਿਆ।
ਮੋਦੀ ਜੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਲਖਨਊ ਵਿੱਚ ਲੋਕਤੰਤਰ ਦੇ ਵਿਨਾਸ਼ਕਾਰੀ ਤਿਉਹਾਰ ਵਿੱਚ ਸ਼ਰੀਕ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵੀਟ ਕਰ ਕੇ ਮੋਦੀ ਸਰਕਾਰ ਤੋਂ ਕੁਝ ਸਵਾਲ ਪੁੱਛੇ ਹਨ।
ਜਿਸ ਵਿੱਚ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਪੁੱਛਿਆ,”ਮੋਦੀ ਜੀ ਕਾਤਲ ਹੁਣ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਹੋਏ? ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਯੋਗੀ ਹਾਲੇ ਤੱਕ ਆਪਣੇ ਅਹੁਦਿਆਂ ‘ਤੇ ਕਿਸ ਤਰ੍ਹਾਂ ਬਣੇ ਹੋਏ ਹਨ?” ਉਨ੍ਹਾਂ ਨੇ ਕਿਹਾ ਕਿ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਬਰਖਾਸਤ ਕਰੋ।