Riding without helmet: ਕਰਨਾਟਕ ਵਿੱਚ ਟ੍ਰੈਫਿਕ ਨਿਯਮਾਂ ਸਬੰਧੀ ਸਖਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਜੇ ਤੁਸੀਂ ਰਾਜ ਵਿੱਚ ਬਿਨ੍ਹਾਂ ਹੈਲਮੇਟ ਦੇ ਬਾਈਕ ਚਲਾਉਂਦੇ ਹੋਏ ਪਾਏ ਜਾਂਦੇ ਹੋ ਤਾਂ ਤੁਹਾਡਾ ਡ੍ਰਾਇਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਹੈਲਮੇਟ ਤੋਂ ਬਿਨ੍ਹਾਂ ਬਾਈਕ ਸਵਾਰ ਲੋਕਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਖਤੀ ਨਾਲ ਕੀਤੀ ਗਈ ਹੈ।
ਮੋਟਰ ਵਹੀਕਲਜ਼ (ਸੋਧ) ਐਕਟ 2019 ਦੇ ਅਨੁਸਾਰ ਹੈਲਮੇਟ ਤੋਂ ਬਿਨ੍ਹਾਂ ਦੋਪਹੀਆ ਵਾਹਨ ਚਲਾਉਣ ‘ਤੇ 1000 ਰੁਪਏ ਜੁਰਮਾਨਾ ਅਤੇ ਲਾਇਸੈਂਸ ਦੀ ਤਿੰਨ ਮਹੀਨੇ ਦੀ ਮੁਅੱਤਲਗੀ ਲੱਗਦੀ ਹੈ। ਹਾਲਾਂਕਿ, ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰਾਜ ਸਰਕਾਰ ਨੇ ਜ਼ੁਰਮਾਨੇ ਦੀ ਰਕਮ ਨੂੰ 500 ਰੁਪਏ ਕਰ ਦਿੱਤਾ ਸੀ, ਜਦੋਂ ਕਿ ਤਿੰਨ ਮਹੀਨਿਆਂ ਦੇ ਮੁਅੱਤਲ ਨਿਯਮ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਕਮੇਟੀ ਨੇ 14 ਅਕਤੂਬਰ ਨੂੰ ਇੱਕ ਵੀਡੀਓ ਕਾਨਫਰੰਸ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ। ਇਸ ਤੋਂ ਬਾਅਦ ਰਾਜ ਵਿੱਚ ਇਸ ਨਿਯਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ।
ਇਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ਵਿੱਚ ਇਸ ਨਿਯਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਨਵੇਂ ਨਿਯਮ ਅਨੁਸਾਰ ਬਾਈਕ ਸਵਾਰ ਅਤੇ ਪਿੱਛੇ ਬੈਠੇ ਲੋਕਾਂ ਨੂੰ ਹੈਲਮੇਟ ਪਾਉਣ ਦੀ ਜ਼ਰੂਰਤ ਹੋਵੇਗੀ। ਬੰਗਲੌਰ ਟ੍ਰੈਫਿਕ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੈਲਮੇਟ ਤੋਂ ਬਿਨ੍ਹਾ ਸਵਾਰੀ ਕਰਨਾ ਸ਼ਹਿਰ ਵਿੱਚ ਸਭ ਤੋਂ ਵੱਧ ਟ੍ਰੈਫਿਕ ਉਲੰਘਣਾ ਹੈ । ਇਸਦੇ ਨਾਲ ਹੀ ਲਾਕਡਾਊਨ ਪਾਬੰਦੀਆਂ ਵਿੱਚ ਢਿੱਲ ਦੇ ਬਾਅਦ ਅਜਿਹੇ ਕੇਸਾਂ ਵਿੱਚ ਵਾਧਾ ਹੋਇਆ ਸੀ।
ਦੱਸ ਦੇਈਏ ਕਿ 13 ਤੋਂ 19 ਸਤੰਬਰ ਤੱਕ ਟ੍ਰੈਫਿਕ ਪੁਲਿਸ ਨੇ 43,141 ਟ੍ਰੈਫਿਕ ਉਲੰਘਣਾ ਦੇ ਕੇਸ ਦਰਜ ਕੀਤੇ ਅਤੇ 2.14 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ। ਇਸ ਤੋਂ ਅਗਲੇ ਹਫਤੇ 55,717 ਕੇਸ ਦਰਜ ਕੀਤੇ ਗਏ ਸਨ ਅਤੇ 2.35 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਵਸੂਲਿਆ ਗਿਆ। 13 ਤੋਂ 19 ਸਤੰਬਰ ਦੇ ਦੌਰਾਨ 26,590 ਕੇਸ ਬਿਨ੍ਹਾ ਹੈਲਮੇਟ ਦੇ ਸਨ, ਜਦੋਂ ਕਿ ਅਗਲੇ ਹਫ਼ਤੇ ਵਿੱਚ ਇਹ ਅੰਕੜਾ 29,925 ਸੀ।