Rinku Sharma Murder Case: ਨਵੀਂ ਦਿੱਲੀ: ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿੱਚ ਰਿੰਕੂ ਸ਼ਰਮਾ ਦਾ ਕੁਝ ਬਦਮਾਸ਼ਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ । ਰਿੰਕੂ ਸ਼ਰਮਾ ਕਤਲਕਾਂਡ ਦੀ ਜਾਂਚ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੂੰ ਸੌਂਪੀ ਗਈ ਹੈ । ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਮਾਮਲੇ ਵਿੱਚ ਦੋਸ਼ੀਆਂ ਦੀ ਪਛਾਣ ਜ਼ਾਹਿਦ, ਮੇਹਤਾਬ, ਦਾਨਿਸ਼, ਤਾਜੁਦੀਨ ਅਤੇ ਇਸਲਾਮ ਦੇ ਤੌਰ ‘ਤੇ ਹੋਈ ਹੈ। ਰਿੰਕੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਜਰੰਗ ਦਲ ਨਾਲ ਜੁੜਿਆ ਸੀ ਅਤੇ ਇਲਾਕੇ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦਾ ਸੀ । ਜਿਸ ‘ਤੇ ਦੋਸ਼ੀਆਂ ਨੂੰ ਇਤਰਾਜ਼ ਸੀ।
ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਦੋਸ਼ ਲਗਾਇਆ ਹੈ ਕਿ ਰਿੰਕੂ ਦਾ ਕਤਲ ਇਸ ਲਈ ਕੀਤਾ ਗਿਆ ਕਿ ਉਹ ਇਲਾਕੇ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦਾ ਸੀ । 5 ਅਗਸਤ 2020 ਨੂੰ ਰਿੰਕੂ ਨੇ ਰਾਮ ਮੰਦਿਰ ਬਣਨ ਦੀ ਖੁਸ਼ੀ ਵਿੱਚ ਇਲਾਕੇ ਵਿੱਚ ਜੈ ਸ਼੍ਰੀ ਰਾਮ ਰੈਲੀ ਵੀ ਕੱਢੀ ਸੀ। ਉਦੋਂ ਵੀ ਦੋਸ਼ੀ ਪੱਖ ਦੇ ਲੋਕਾਂ ਨੇ ਇਤਰਾਜ਼ ਜਤਾਇਆ ਸੀ । ਇਸ ਮਾਮਲੇ ਵਿੱਚ ਰਿੰਕੂ ਦੀ ਮਾਂ ਦਾ ਕਹਿਣਾ ਹੈ ਕਿ 30-40 ਲੋਕ ਆਪਣੇ ਨਾਲ ਲਾਠੀ, ਡੰਡੇ ਅਚੇ ਚਾਕੂ ਲਿਆਏ ਸਨ । ਉਨ੍ਹਾਂ ਨੇ ਮੇਰੇ ਬੇਟੇ ਨੂੰ ਬੁਹਤ ਮਾਰਿਆ, ਜਦੋਂ ਮਾਰਿਆ ਸੀ, ਉਦੋਂ ਵੀ ਉਹ ਜੈ ਸ਼੍ਰੀ ਰਾਮ ਬੋਲ ਰਿਹਾ ਸੀ।
ਉੱਥੇ ਹੀ ਦੂਜੇ ਪਾਸੇ ਇਸ ਪੂਰੇ ਮਾਮਲੇ ‘ਤੇ ਦਿੱਲੀ ਪੁਲਿਸ ਦਾ ਵੀ ਬਿਆਨ ਆਇਆ ਹੈ । ਰਿੰਕੂ ਸ਼ਰਮਾ ਕਤਲਕਾਂਡ ‘ਤੇ ਦਿੱਲੀ ਪੁਲਿਸ ਦੇ ਬੁਲਾਰੇ ਚਿਨਮਯ ਬਿਸਵਾਲ ਨੇ ਕਿਹਾ ਕਿ 10 ਫਰਵਰੀ ਦੇਰ ਸ਼ਾਮ ਮੰਗੋਲਪੁਰੀ ਇਲਾਕੇ ਵਿੱਚ ਇੱਕ ਰੈਸਟੋਰੈਂਟ ਵਿੱਚ ਕੁਝ ਮੁੰਡੇ ਜਨਮ ਦਿਨ ਪਾਰਟੀ ਮਨਾਉਣ ਲਈ ਪਹੁੰਚੇ ਸਨ । ਉੱਥੇ ਇੱਕ ਪੁਰਾਣੇ ਰੈਸਟੋਰੈਂਟ ਬਿਜ਼ਨੈੱਸ ਬੰਦ ਹੋਣ ਨੂੰ ਲੈ ਕੇ ਝਗੜਾ ਹੋਇਆ, ਇਸ ਤੋਂ ਬਾਅਦ ਉਹ ਚੱਲੇ ਗਏ । ਜਿਸ ਤੋਂ ਬਾਅਦ ਇਸੇ ਲੜਾਈ ਵਿੱਚ ਰਿੰਕੂ ਨੂੰ ਚਾਕੂ ਲੱਗਿਆ ਤੇ ਉਸ ਦੀ ਮੌਤ ਹੋ ਗਈ।