Sachin pilot kisan panchayat : ਬੀਤੇ ਦਿਨ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਚਾਕਸੂ, ਜੈਪੁਰ ਵਿੱਚ ਇੱਕ ਕਿਸਾਨ ਪੰਚਾਇਤ ਸੱਦੀ ਸੀ। ਇਸ ਪੰਚਾਇਤ ਵਿੱਚ ਲੋਕਾਂ ਦੀ ਰਿਕਾਰਡ ਗਿਣਤੀ ਨੂੰ ਵੇਖਿਆ ਗਿਆ ਵੀ। ਪਾਇਲਟ ਨੇ ਇਸ ਪੰਚਾਇਤ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਣ ਲਿਆ ਅਤੇ ਕਿਹਾ ਕਿ ਹੁਣ ਮੈਂ ਪੂਰੇ ਰਾਜਸਥਾਨ ਵਿੱਚ ਅੰਦੋਲਨ ਖੜ੍ਹਾ ਕਰਾਂਗਾ। ਇਸ ਤੋਂ ਪਹਿਲਾ ਵੀ ਸਚਿਨ ਪਾਇਲਟ ਨੇ ਦੌਸਾ ਅਤੇ ਭਰਤਪੁਰ ਵਿੱਚ ਦੋ ਵੱਡੀਆਂ ਪੰਚਾਇਤਾਂ ਕੀਤੀਆਂ ਹਨ। ਸਚਿਨ ਪਾਇਲਟ ਨੇ ਘੋਸ਼ਣਾ ਕੀਤੀ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ, ਉਨ੍ਹਾਂ ਦੀ ਲਹਿਰ ਰਾਜਸਥਾਨ ਵਿੱਚ ਜਾਰੀ ਰਹੇਗੀ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਵਲੋਂ ਇਨ੍ਹਾਂ ਕਾਨੂੰਨਾਂ ਦਾ ਨਿਰੰਤਰ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿੱਛਲੇ 87 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਇਸ ਦੇ ਨਾਲ-ਨਾਲ ਹੁਣ ਕਿਸਾਨਾਂ ਵਲੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਹੁਣ ਕਾਂਗਰਸ ਪਾਰਟੀ ਵਲੋਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਦੀ ਜਨਰਲ ਸੈਕਟਰੀ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਅੱਜ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰੇਗੀ।