Sanjay Raut on delhi violence: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਇੱਕ ਰਾਸ਼ਟਰੀ ਸ਼ਰਮ ਦੀ ਗੱਲ ਹੈ ਕਿ ਜਿਸ ਨਾਲ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਦਾਗੀ ਬਣਾ ਦਿੱਤਾ ਗਿਆ ਹੈ । ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਜੋ ਕੁਝ ਵਾਪਰਿਆ ਉਸ ਲਈ ਕੇਂਦਰ ਨੂੰ ਵੀ ਜ਼ਿੰਮੇਵਾਰੀ ਲੈਣੀ ਪਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਦਿੱਲੀ ਵਿੱਚ ਸਥਿਤੀ ਵਿਗੜੀ ਹੈ। ਰਾਉਤ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਕੋਈ ਹੋਰ ਸਰਕਾਰ ਹੁੰਦੀ ਤਾਂ ਅਸਤੀਫੇ ਦੀ ਮੰਗ ਸ਼ੁਰੂ ਹੋ ਜਾਂਦੀ।
ਗਣਤੰਤਰ ਦਿਵਸ ਮੌਕੇ ਆਯੋਜਿਤ ਕੀਤੀ ਗਈ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਟੀਚਾ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਨਾ ਸੀ। ਦਿੱਲੀ ਪੁਲਿਸ ਨੇ ਰਾਜਪਥ ਵਿਖੇ ਸਮਾਰੋਹ ਖ਼ਤਮ ਹੋਣ ਤੋਂ ਬਾਅਦ ਤੈਅ ਰਸਤੇ ਤੋਂ ਟਰੈਕਟਰ ਪਰੇਡ ਕੱਡਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ, ਪਰ ਹਜ਼ਾਰਾਂ ਕਿਸਾਨ ਸਮੇਂ ਤੋਂ ਪਹਿਲਾਂ ਵੱਖ-ਵੱਖ ਸੀਮਾਵਾਂ ਤੇ ਬੈਰੀਅਰ ਤੋੜ ਕੇ ਦਿੱਲੀ ਵਿੱਚ ਦਾਖਲ ਹੋ ਗਏ। ਕਈ ਥਾਵਾਂ ‘ਤੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਈ।
ਭਾਜਪਾ ਦਾ ਨਾਮ ਲਏ ਬਗੈਰ ਰਾਉਤ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਹੁਣ ਕਿਸ ਤੋਂ ਅਸਤੀਫਾ ਮੰਗੇਗੀ। ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਕੀ ਹਿੰਸਾ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਸਤੀਫਾ ਦੇਣਗੇ । ਇਸ ਤੋਂ ਇਲਾਵਾ ਰਾਉਤ ਨੇ ਕਿਹਾ, “ਦਿੱਲੀ ਵਿੱਚ ਜੋ ਹੋਇਆ, ਜੋ ਮੈਂ ਵੇਖ ਰਿਹਾ ਹਾਂ, ਮੈਂ ਇਸ ਨੂੰ ਰਾਸ਼ਟਰੀ ਸ਼ਰਮ ਦੀ ਗੱਲ ਕਹਾਂਗਾ।”
ਇਹ ਵੀ ਦੇਖੋ: ਦਿੱਲੀ ਦੇ ਦਿਲਵਾਲੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ ਕਹਿੰਦੇ ਮੋਢੇ ਨਾਲ ਮੋਢਾ ਜੋੜ ਖੜੇ ਹਾਂ ਨਾਲ