Sanjay Raut takes dig at PM Modi: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅੰਦੋਲਨਜੀਵੀ’ ਵਾਲੇ ਬਿਆਨ ‘ਤੇ ਰਾਜਨੀਤਿਕ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਕਾਂਗਰਸ ਨੇ ਕਿਹਾ ਕਿ ਇਹ ਕਿਸਾਨਾਂ ਦਾ ਅਪਮਾਨ ਹੈ। ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਨੂੰ ਅੰਦੋਲਨਕਾਰੀ ਹੋਣ ‘ਤੇ ਮਾਣ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਵੀ ‘ਅੰਦੋਲਨਜੀਵੀ’ ਸ਼ਬਦ ਨੂੰ ਲੈ ਕੇ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਨਾਲ ਆਪਣੀ ਫੋਟੋ ਸਾਂਝੀ ਕਰਦਿਆਂ ਲਿਖਿਆ, “ਮਾਣ ਨਾਲ ਕਹੋ, ਅਸੀਂ ਸਾਰੇ ਅੰਦੋਲਨਜੀਵੀ ਹਾਂ, ਜੈ ਜਵਾਨ ਜੈ ਕਿਸਾਨ।”
ਜ਼ਿਕਰਯੋਗ ਹੈ ਕਿ ਰਾਉਤ ਕੇਂਦਰ ਦੇ ਤਿੰਨੋ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਉਣ ਲਈ 2 ਫਰਵਰੀ ਨੂੰ ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਟਿਕੈਤ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਸਮੇਂ ਇਹ ਫੋਟੋ ਖਿੱਚੀ ਗਈ ਸੀ। ਦਰਅਸਲ, ਰਾਜ ਸਭਾ ਵਿੱਚ ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਸ਼੍ਰਮਜੀਵੀ ਅਤੇ ਬੁੱਧੀਜੀਵੀ ਵਰਗੇ ਸ਼ਬਦਾਂ ਨਾਲ ਜਾਣੂ ਹੈ, ਪਰ ਕੁਝ ਸਮੇਂ ਲਈ ਇਸ ਦੇਸ਼ ਵਿੱਚ ਇੱਕ ਨਵਾਂ ਸਮੂਹ ਪੈਦਾ ਹੋਇਆ ਹੈ ਅਤੇ ਉਹ ਹੈ “ਅੰਦੋਲਨਜੀਵੀ।”
ਦੱਸ ਦੇਈਏ ਕਿ ਪ੍ਰਧਾਨਮੰਤਰੀ ਮੋਦੀ ਦੇ ਭਾਸ਼ਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪ੍ਰਤੀਕਿਰਿਆ ਦਿੱਤੀ ਹੈ। ਪੀਐੱਮ ਮੋਦੀ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਦੇਸ਼ ਵਿੱਚ ਭੁੱਖ ‘ਤੇ ਕੋਈ ਵਪਾਰ ਨਹੀਂ ਹੋਵੇਗਾ। ਭੁੱਖ ਜਿੰਨੀ ਲੱਗੇਗੀ ਅਨਾਜ ਦੀ ਕੀਮਤ ਉਨ੍ਹੀ ਹੋਵੇਗੀ। ਭੁੱਖ ਨਾਲ ਵਪਾਰ ਕਰਨ ਵਾਲੇ ਨੂੰ ਬਾਹਰ ਕੱਢ ਦਿੱਤਾ ਜਾਵੇਗਾ । ਜਿਵੇਂ ਵਾਹਨਾਂ ਦੀਆਂ ਟਿਕਟਾਂ ਦੀ ਕੀਮਤ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਬਦਲਦੀ ਹੈ, ਉਸੇ ਤਰ੍ਹਾਂ ਫਸਲਾਂ ਦੀ ਕੀਮਤ ਨਿਰਧਾਰਤ ਨਹੀਂ ਕੀਤੀ ਜਾ ਸਕਦੀ।”