Sanjay Raut to reach Ghazipur border: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਨੂੰ ਸਾਰੇ ਵਿਰੋਧੀ ਨੇਤਾਵਾਂ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ ਹੈ। ਉੱਥੇ ਹੀ ਸਮੇਂ-ਸਮੇਂ ‘ਤੇ ਕੁਝ ਨੇਤਾ ਕਿਸਾਨਾਂ ਪ੍ਰਤੀ ਏਕਤਾ ਦਿਖਾਉਣ ਲਈ ਇਸ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਹਨ। ਇਸ ਕੜੀ ਵਿੱਚ ਸ਼ਿਵ ਸੈਨਾ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਬੁਲਾਰੇ ਸੰਜੇ ਰਾਉਤ ਮੰਗਲਵਾਰ ਦੁਪਹਿਰ 1 ਵਜੇ ਗਾਜ਼ੀਪੁਰ ਬਾਰਡਰ ਪਹੁੰਚਣਗੇ । ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ।
ਇਸ ਸਬੰਧੀ ਸੰਜੇ ਰਾਉਤ ਨੇ ਕਿਹਾ, ‘ਕਿਸਾਨ ਅੰਦੋਲਨ ਜ਼ਿੰਦਾਬਾਦ। ਅੱਜ ਮੈਂ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਲਈ ਦੁਪਹਿਰ 1 ਵਜੇ ਗਾਜ਼ੀਪੁਰ ਬਾਰਡਰ ਜਾਵਾਂਗਾ। ਜੈ ਜਵਾਨ ਜੈ ਕਿਸਾਨ।’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਕਿਸਾਨ ਅੰਦੋਲਨ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸੰਬੋਧਨ ਕੀਤਾ ਸੀ । ਇਸ ਦੇ ਨਾਲ ਹੀ ਸ਼ਿਵ ਸੈਨਾ ਨੇਤਾ ਅਤੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਨੇ ਆਪਣੇ ਨੁਮਾਇੰਦੇ ਨੂੰ ਇੱਥੇ ਭੇਜਿਆ ਸੀ ।
ਦੱਸ ਦੇਈਏ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਹੈ । ਹੁਣ ਇਸ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ । ਦਰਅਸਲ, ਕਾਂਗਰਸ ਸਮੇਤ ਕਈ ਵਿਰੋਧੀ ਨੇਤਾਵਾਂ ਨੇ ਸੋਮਵਾਰ ਨੂੰ ਬਜਟ ਪੇਸ਼ ਹੋਣ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਇਸ ਸਬੰਧ ਵਿੱਚ ਰਾਜ ਸਭਾ ਵਿੱਚ ਵਿਚਾਰ ਵਟਾਂਦਰੇ ਲਈ ਇੱਕ ਨੋਟਿਸ ਜਾਰੀ ਕੀਤਾ ਹੈ । ਰਾਜ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਸਾਨ ਕਾਨੂੰਨਾਂ ਸਬੰਧੀ ਸਸਪੈਂਸ਼ਨ ਆਫ਼ ਬਿਜਨੈੱਸ ਨੋਟਿਸ ਜਾਰੀ ਕੀਤਾ ਹੈ।