Sanyukt kisan morcha press note : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਦਿੱਲੀ ਵਿੱਚ ਕਿਸਾਨ ਅੰਦੋਲਨ ਦਾ 83 ਵਾਂ ਦਿਨ ਹੈ। ਕਿਸਾਨ ਲਗਾਤਾਰ ਆਪਣੀਆਂ ਮੰਗਾਂ ‘ਤੇ ਡਟੇ ਹੋਏ ਹਨ। ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਇੱਕ ਪ੍ਰੈਸ ਨੋਟ ਜਾਰੀ ਕਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰ ਛੋਟੂ ਰਾਮ ਨੂੰ ਯਾਦ ਕਰਦਿਆਂ ਦੇਸ਼ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਕਿਹਾ ਕਿ ਸਰ ਛੋਟੂ ਰਾਮ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਕਿਸਾਨ ਭਾਈਚਾਰੇ ਨੂੰ ਸਹੀ ਸੇਧ ਦਿੱਤੀ ਅਤੇ ਬ੍ਰਿਟਿਸ਼ ਸਰਕਾਰ ਵਿੱਚ ਕਿਸਾਨਾਂ ਦੇ ਹਿੱਤਾਂ ਲਈ 22 ਅਹਿਮ ਕਾਨੂੰਨ ਪਾਸ ਕਰਵਾਏ। ਕਿਸਾਨਾਂ ਨੂੰ ਸ਼ੋਸ਼ਣ ਕਰਨ ਵਾਲੇ ਸ਼ਾਹੂਕਾਰਾਂ ਦੇ ਜਾਲ਼ ਤੋਂ ਮੁਕਤ ਕਰਵਾਇਆ। ਦੇਸ਼ ਭਰ ਦੇ ਕਿਸਾਨ ਅਜੇ ਵੀ ਸੰਘਰਸ਼ ਦੇ ਰਾਹ ‘ਤੇ ਹਨ, ਜਿਨ੍ਹਾਂ ਲਈ ਛੋਟੂ ਰਾਮ ਪ੍ਰੇਰਣਾ ਸਰੋਤ ਹਨ।
ਕਿਸਾਨਾਂ ਦੇ ਦਿੱਲੀ ਦੀਆ ਸਰਹੱਦਾਂ ‘ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਕਿਸਾਨ ਮਹਾਪੰਚਾਇਤਾਂ ਅਤੇ ਜਨਤਕ ਮੀਟਿੰਗਾਂ ਦੇ ਸਮਰਥਨ ਵਿੱਚ ਕੱਲ੍ਹ ਤੇਲੰਗਾਨਾ ਦੇ ਖਾਮਮ ਵਿੱਚ ਇੱਕ ਮਹਾਂਸਭਾ ਦਾ ਆਯੋਜਨ ਕੀਤਾ ਗਿਆ, ਜਿੱਥੇ ਹਜ਼ਾਰਾਂ ਕਿਸਾਨਾਂ ਨੇ ਹਿੱਸਾ ਲਿਆ। ਰੈਲੀ ਅਤੇ ਜਨਤਕ ਮੀਟਿੰਗ ਏਆਈਕੇਐਮਐਸ (AIKMS ) ਦੁਆਰਾ ਆਯੋਜਤ ਕੀਤੀ ਗਈ ਸੀ। ਸੱਭਿਆਚਾਰਕ ਪ੍ਰੋਗਰਾਮ ਦੇ ਨਾਲ, ਮੀਟਿੰਗ ਵਿੱਚ ਕਾਰਪੋਰੇਟ ਦੇ ਖੇਤੀ ‘ਤੇ ਕਬਜ਼ੇ ਤੋਂ ਬਾਅਦ ਖੁਦਕੁਸ਼ੀ ਕਰ ਰਹੇ ਕਿਸਾਨ ਦੇ ਦਰਦ ਨੂੰ ਦਰਸਾਉਂਦਿਆਂ ਇੱਕ ਝਾਂਕੀ ਵੀ ਪੇਸ਼ ਕੀਤੀ ਗਈ।
ਹਰਿਆਣਾ ਦੇ ਕਿਸਾਨ ਨੇਤਾਵਾਂ ਨੇ ਕਿਸਾਨਾਂ ‘ਤੇ ਵਿਵਾਦਤ ਬਿਆਨ ਦੇਣ ਵਾਲੇ ਜੇਪੀ ਦਲਾਲ ਅਤੇ ਅਨਿਲ ਵਿਜ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਹਰਿਆਣਾ ਵਿੱਚ, ਕਿਸਾਨਾਂ ਨੇ ਮਹਾਂ ਪੰਚਾਇਤਾਂ ਦੁਆਰਾ ਜੇਪੀ ਦਲਾਲ ਨੂੰ ਬਰਖਾਸਤ ਕਰਨ ਲਈ ਮਤੇ ਪਾਸ ਕੀਤੇ ਹਨ ਅਤੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮੰਗ ਪੱਤਰ ਵੀ ਸੌਂਪੇ ਹਨ। ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਮਹਿੰਗਾਈ ਦੇ ਬਾਵਜੂਦ ਗੰਨੇ ਦੇ ਭਾਅ ਸਥਿਰ ਹਨ। ਇੱਥੋਂ ਤੱਕ ਕਿ ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ ਗੰਨੇ ਦਾ ਬਕਾਇਆ ਲੱਗਭਗ 12000 ਕਰੋੜ ਰੁਪਏ ਹੈ। ਕਿਸਾਨ ਆਗੂਆਂ ਨੇ ਕਿਹਾ, “ਯੂਪੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਹੁਤ ਸਪੱਸ਼ਟ ਹਨ ਅਤੇ ਇਸ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਵਧੇਰੇ ਕਿਸਾਨਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।”