Sanyukt Kisan Morcha to hold mahapanchayats: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਨੇ ਉੱਥੇ ਲੜਾਈ ਵਿੱਚ ਉਤਰਨ ਦੀ ਪੂਰੀ ਤਿਆਰੀ ਕਰ ਲਈ ਹੈ। ਮੋਰਚੇ ਨੇ 12 ਮਾਰਚ ਤੋਂ ਤਿੰਨ ਦਿਨਾਂ ਦਾ ਪ੍ਰੋਗਰਾਮ ਵੀ ਜਾਰੀ ਕੀਤਾ ਹੈ, ਜਿਸ ਵਿੱਚ ਬੈਠਕ ਤੋਂ ਲੈ ਕੇ ਪੰਚਾਇਤ ਤੱਕ ਸ਼ਾਮਿਲ ਹੈ । ਇਸ ਦੌਰਾਨ ਮੋਰਚੇ ਦੇ ਆਗੂ ਅਤੇ ਅਧਿਕਾਰੀ ਜਿੱਥੇ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਗੇ। ਇਸਦੇ ਨਾਲ ਹੀ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਨਾ ਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ।
ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਵੀ ਕਿਸਾਨ ਆਗੂਆਂ ਨੇ ਕਮਰ ਕਸ ਲਈ ਹੈ । ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਬੰਗਾਲ ਸਣੇ 5 ਰਾਜਾਂ ਵਿੱਚ ਕਿਸਾਨ ਜੱਥੇਬੰਦੀਆਂ ਜਾਣਗੀਆਂ । ਜਿੱਥੇ ਉਹ ਵੋਟਰਾਂ ਨੂੰ ਬੇਨਤੀ ਕਰਨਗੇ ਕਿ ਉਹ ਭਾਜਪਾ ਤੋਂ ਇਲਾਵਾ ਕਿਸੇ ਹੋਰ ਰਾਜਨੀਤਿਕ ਪਾਰਟੀ ਨੂੰ ਵੋਟ ਪਾਉਣ। ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ‘ਤੇ ਕਿਸਾਨ ਜੱਥੇਬੰਦੀਆਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਵੰਡ ਕੇ ਉਨ੍ਹਾਂ ਦੇ ਨੁਕਸਾਨ ਬਾਰੇ ਦੱਸਣਗੀਆਂ । ਹਰ ਜੱਥੇਬੰਦੀ ਰੋਜ਼ਾਨਾ ਬੰਗਾਲ ਵਿੱਚ 3 ਤੋਂ 4 ਰੈਲੀਆਂ ਕਰੇਗੀ। ਹਰੇਕ ਜੱਥੇਬੰਦੀ ਹਰ ਜ਼ਿਲ੍ਹੇ ਵਿੱਚ 12 ਰੈਲੀਆਂ ਕਰੇਗੀ ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਟਿਕਰੀ ਬਾਰਡਰ ‘ਤੇ ਕਿਸਾਨ ਅੰਦੋਲਨ ਦੇ ਆਉਣ ਵਾਲੇ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਗਿਆ । ਜਿਸ ਦੇ ਅਨੁਸਾਰ ਕਿਸਾਨ ਆਗੂ 12 ਮਾਰਚ ਨੂੰ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰਨਗੇ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਜਿਸ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। 26 ਮਾਰਚ ਨੂੰ ਅੰਦੋਲਨ ਦੇ 4 ਮਹੀਨੇ ਹੋਣ ‘ਤੇ ਭਾਰਤ ਬੰਦ ਕੀਤਾ ਜਾਵੇਗਾ । ਇਸ ਤੋਂ ਇਲਾਵਾ 28 ਮਾਰਚ ਨੂੰ ਹੋਲੀ ਦੇ ਤਿਉਹਾਰ ‘ਤੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਵੀਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਥੇਬੰਦੀਆਂ ਦੀਆਂ ਦੋ ਟੀਮਾਂ ਪਹਿਲਾਂ ਹੀ ਅਸਾਮ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ 15 ਮਾਰਚ ਨੂੰ ਨਿੱਜੀਕਰਨ ਵਿਰੁੱਧ ਟਰੇਡ ਯੂਨੀਅਨਾਂ ਦੇ ਸੱਦੇ ਦਾ ਸਮਰਥਨ ਕਰਨਗੇ । ਉਹ 26 ਮਾਰਚ ਨੂੰ ਬੰਦ ਵਿੱਚ ਸ਼ਾਮਿਲ ਹੋਣਗੇ । 19 ਨੂੰ ਪੈਟਰੋ ਕੈਮੀਕਲਜ਼ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਬੰਗਾਲ ਉਹ ਹਨ ਜੋ ਵੰਡ ਦੌਰਾਨ ਸਭ ਤੋਂ ਵੱਧ ਦੁਖੀ ਹੋਏ ਹਨ। ਇਹ ਦੋਵੇਂ ਰਾਜ ਕਿਸਾਨ ਅੰਦੋਲਨ ਵਿੱਚ ਵੱਡੀ ਭੂਮਿਕਾ ਅਦਾ ਕਰਨਗੇ। ਮੋਦੀ ਹਰ ਰਾਜ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਜਾਣਗੇ ।
ਇਹ ਵੀ ਦੇਖੋ: ਚੰਡੀਗੜ੍ਹ ‘ਚ ਰਾਜੇਵਾਲ ਤੇ ਕਾਦੀਆਂ ਨੇ ਬਣਾਇਆ ਪ੍ਰੈਸ਼ਰ, ਭਾਜਪਾ ਦੇ ਗਰੇਵਾਲ ਨੂੰ ਰਗੜਿਆ