Satya Pal Malik on Farmer Protests: ਮੇਘਾਲਿਆ ਦੇ ਰਾਜਪਾਲ ਸੱਤਿਆਲ ਮਲਿਕ ਵੀ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆ ਗਏ ਹਨ। ਉਨ੍ਹਾਂ ਨੇ ਵੀ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ‘ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਹੈ ਕਿ ਜੇ ਸਰਕਾਰ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਿਹਾ ਹਾਂ, ਤਾਂ ਮੈਂ ਅਸਤੀਫਾ ਦੇ ਦਵਾਂਗਾ ਅਤੇ ਆਪਣੀ ਗੱਲ ਬਿਨ੍ਹਾਂ ਰਾਜਪਾਲ ਦੇ ਅਹੁਦੇ ਤੋਂ ਵੀ ਕਰਾਂਗਾ। ਮਲਿਕ ਨੇ ਕਿਹਾ, “ਅੰਦੋਲਨ ਦੌਰਾਨ ਲਗਭਗ 250 ਕਿਸਾਨਾਂ ਦੀ ਮੌਤ ਤੋਂ ਮੈਂ ਬਹੁਤ ਦੁਖੀ ਹਾਂ।” ਉਨ੍ਹਾਂ ਕਿਹਾ ਕਿ ਮੈਨੂੰ ਰਾਜਪਾਲ ਦਾ ਅਹੁਦਾ ਛੱਡਣ ਵਿੱਚ ਕੋਈ ਵੀ ਸਮੱਸਿਆ ਨਹੀਂ ਹੈ।
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਲੰਬੇ ਸਮੇਂ ਤੱਕ ਚੱਲਦੇ ਰਹਿਣਾ ਨਾ ਤਾਂ ਕਿਸਾਨਾਂ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਸਰਕਾਰ ਦੇ ਹਿੱਤ ਵਿੱਚ । ਬਿਹਤਰ ਹੋਵੇਗਾ ਕਿ ਬੈਠ ਕੇ ਜਲਦੀ ਇਸਦਾ ਹੱਲ ਕੱਢਿਆ ਜਾਵੇ। ਇਹ ਅਜਿਹਾ ਮਾਮਲਾ ਨਹੀਂ ਹੈ ਜਿਸ ਦਾ ਹੱਲ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੁੱਤਾ ਵੀ ਮਰ ਜਾਂਦਾ ਹੈ ਤਾਂ ਵੀ ਸਾਡੇ ਨੇਤਾਵਾਂ ਵੱਲੋਂ ਸ਼ੋਕ ਦਾ ਸੰਦੇਸ਼ ਆਉਂਦਾ ਹੈ, ਪਰ 250 ਕਿਸਾਨਾਂ ਦੀ ਮੌਤ ਹੋ ਗਈ ਤੇ ਅਜੇ ਤੱਕ ਕੋਈ ਬੋਲਿਆ ਵੀ ਨਹੀਂ । ਇਹ ਸਭ ਮੇਰੀ ਰੂਹ ਨੂੰ ਦਰਦ ਦਿੰਦਾ ਹੈ।
ਰਾਜਸਥਾਨ ਦੇ ਝੁੰਝੁਨੂ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਪਹੁੰਚੇ ਸੱਤਿਆਪਾਲ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਇਸ ਨੂੰ ਸਿਰਫ ਸਮਝਣ ਅਤੇ ਹੱਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਹੀ ਮੁੱਦਾ ਹੈ। ਜੇ ਇਸ ਨੂੰ ਕਾਨੂੰਨੀ ਰੂਪ ਦਿੱਤਾ ਜਾਂਦਾ ਹੈ, ਤਾਂ ਇਸ ਮਾਮਲੇ ਨੂੰ ਅਸਾਨੀ ਨਾਲ ਸੁਲਝਾਇਆ ਜਾ ਸਕਦਾ ਹੈ। ਦੇਸ਼ ਭਰ ਦੇ ਕਿਸਾਨਾਂ ਵਿੱਚ ਇਹ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ। ਇਸ ਸਥਿਤੀ ਵਿੱਚ ਇਸ ਨੂੰ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸੰਵਿਧਾਨਕ ਅਹੁਦੇ ‘ਤੇ ਹਾਂ, ਜਿਸ ਕਾਰਨ ਵਿਚੋਲੇ ਵਜੋਂ ਕੰਮ ਨਹੀਂ ਕਰ ਸਕਦਾ। ਮੈਂ ਸਿਰਫ ਕਿਸਾਨ ਨੇਤਾਵਾਂ ਅਤੇ ਸਰਕਾਰੀ ਨੁਮਾਇੰਦਿਆਂ ਨੂੰ ਸਲਾਹ ਦੇ ਸਕਦਾ ਹਾਂ, ਮੇਰਾ ਸਿਰਫ ਇੰਨਾ ਹੀ ਰੋਲ ਹੈ।
ਦੱਸ ਦੇਈਏ ਕਿ ਉਨ੍ਹਾਂ ਕਿਹਾ ਸੀ ਕਿ ਅੱਜ ਦੀ ਤਰੀਕ ‘ਚ ਕੋਈ ਵੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਲਾਗੂ ਨਹੀਂ ਹੈ। ਇਸ ਸਥਿਤੀ ਨੂੰ ਸਹੀ ਕੀਤਾ ਜਾਣਾ ਚਾਹੀਦਾ ਹੈ। ਜਿਸ ਦੇਸ਼ ਦੇ ਕਿਸਾਨ ਅਤੇ ਜਵਾਨ ਅਸੰਤੁਸ਼ਟ ਹੋਣਗੇ, ਉਹ ਦੇਸ਼ ਅੱਗੇ ਨਹੀਂ ਵੱਧ ਸਕਦਾ। ਕੋਈ ਵੀ ਉਸ ਦੇਸ਼ ਨੂੰ ਨਹੀਂ ਬਚਾ ਸਕਦਾ। ਇਸ ਲਈ ਆਪਣੀ ਫੌਜ ਅਤੇ ਕਿਸਾਨ ਨੂੰ ਸੰਤੁਸ਼ਟ ਰੱਖੋ।”
ਇਹ ਵੀ ਦੇਖੋ: ਖੇਤੀ ਕਨੂੰਨਾਂ ‘ਤੇ BJP ਲੀਡਰ ਦਾ ਪੱਤਰਕਾਰ ਨਾਲ ਪੈ ਗਿਆ ਪੇਚਾ, ਗੱਲ ਵੱਧਦੀ-ਵੱਧਦੀ ਪਿਓ ਤੱਕ ਜਾ ਪੁੱਜੀ