Satyender Jain on farmers protest: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਕਿਸਾਨ ਦਿੱਲੀ ਦੀ ਸਰਹੱਦ ‘ਤੇ 26 ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨ ਦਿੱਲੀ-ਹਰਿਆਣਾ ਬਾਰਡਰ ਦੀ ਸੀਮਾ ਸਿੰਘੁ ਬਾਰਡਰ ‘ਤੇ ਡਟੇ ਹੋਏ ਹਨ । ਕੁਝ ਕਿਸਾਨ ਦਿੱਲੀ ਦੇ ਨਿਰੰਕਾਰੀ ਸਮਗਾਮ ਮੈਦਾਨ ਵਿੱਚ ਮੌਜੂਦ ਹਨ। ਸ਼ਨੀਵਾਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਹੁਣ ਸਿੰਘੁ ਬਾਰਡਰ ‘ਤੇ ਪ੍ਰਦਰਸ਼ਨ ਕਰਨਗੇ ਅਤੇ ਬੁਰਾੜੀ ਦੇ ਨਿਰੰਕਾਰੀ ਸਮਾਗਮ ਮੈਦਾਨ ਵਿੱਚ ਨਹੀਂ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਰੋਜ਼ਾਨਾ ਸਵੇਰੇ 11 ਵਜੇ ਮਿਲਣਗੇ ਅਤੇ ਅੱਗੇ ਦੀ ਰਣਨੀਤੀ ਦਾ ਫੈਸਲਾ ਕਰਨਗੇ.
ਇਸੇ ਵਿਚਾਲੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਬਿਨ੍ਹਾਂ ਕਿਸੇ ਸ਼ਰਤ ਦੇ ਗੱਲਬਾਤ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇਕਰ ਕਿਸਾਨ ਬੁਰਾੜੀ ਵਿੱਚ ਪ੍ਰਦਰਸ਼ਨ ਕਰਦੇ ਹਨ ਤਾਂ ਸਰਕਾਰ ਉਨ੍ਹਾਂ ਨਾਲ ਤੁਰੰਤ ਗੱਲਬਾਤ ਕਰਨ ਲਈ ਤਿਆਰ ਹੈ।
ਅਮਿਤ ਸ਼ਾਹ ਦੀ ਇਸ ਅਪੀਲ ‘ਤੇ ਸਤੇਂਦਰ ਜੈਨ ਨੇ ਕਿਹਾ ਕਿ ਇਸ ਵਿੱਚ ਕੋਈ ਸ਼ਰਤ ਨਹੀਂ ਰੱਖਣੀ ਚਾਹੀਦੀ ਕਿ ਸਰਕਾਰ ਕਦੋਂ ਗੱਲਬਾਤ ਕਰੇਗੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਸਾਡੇ ਅੰਨਦਾਤਾ ਹਨ । ਉਨ੍ਹਾਂ ਨੂੰ ਤੁਰੰਤ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਜਿੱਥੇ ਮਰਜ਼ੀ ਬੈਠਣ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਦਿੱਲੀ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਗੱਲ ਕਰਦਿਆਂ ਸਤੇਂਦਰ ਜੈਨ ਨੇ ਕਿਹਾ ਕਿ ਸਾਨੂੰ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਵੇਖਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਘਰ ਤੋਂ ਕਈ ਸੌ ਕਿਲੋਮੀਟਰ ਦੂਰ ਆ ਚੁੱਕੇ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਵੇਖੋ, ਉਨ੍ਹਾਂ ਨੂੰ ਕਿੰਨੀ ਪ੍ਰੇਸ਼ਾਨੀ ਹੈ। ਕੋਈ ਵੀ ਖੁਸ਼ੀ ਨਾਲ ਨਹੀਂ ਆਇਆ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇ ਲੋਕਤੰਤਰ ਹੈ, ਤਾਂ ਉਨ੍ਹਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਰੱਖਣ ਦਾ ਪੂਰਾ ਅਧਿਕਾਰ ਹੈ ਅਤੇ ਉਹ ਜਿੱਥੇ ਵੀ ਚਾਹੁੰਦੇ ਹਨ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।