ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਦਾ ਬੁੱਧਵਾਰ ਦੇਰ ਰਾਤ ਦਿਹਾਂਤ ਹੋ ਗਿਆ । ਉਨ੍ਹਾਂ ਨੇ 92 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।
ਇਸ ਬਾਰੇ PDP ਨੇਤਾ ਮਹਿਬੂਬਾ ਮੁਫਤੀ ਨੇ ਸੋਸ਼ਲ ਮੀਡੀਆ ‘ਤੇ ਗਿਲਾਨੀ ਦੀ ਮੌਤ ਦੀ ਜਾਣਕਾਰੀ ਦਿੱਤੀ । ਉੱਥੇ ਹੀ ਦੂਜੇ ਪਾਸੇ ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਗਿਲਾਨੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਕਸ਼ਮੀਰ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ। ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਹੈ।
ਦਰਅਸਲ, ਗਿਲਾਨੀ ਦੀ ਮੌਤ ਤੋਂ ਬਾਅਦ ਮਹਿਬੂਬਾ ਮੁਫਤੀ ਵੱਲੋਂ ਇੱਕ ਟਵੀਟ ਕਰ ਕੇ ਦੁੱਖ ਜਤਾਇਆ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਗਿਲਾਨੀ ਸਾਹਿਬ ਦੇ ਦਿਹਾਂਤ ਦੀ ਖ਼ਬਰ ਤੋਂ ਦੁਖੀ ਹਾਂ । ਅਸੀਂ ਬਹੁਤੀਆਂ ਗੱਲਾਂ ‘ਤੇ ਸਹਿਮਤ ਨਹੀਂ ਹੁੰਦੇ ਸੀ, ਪਰ ਮੈਂ ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਦੇ ਨਾਲ ਖੜ੍ਹੇ ਹੋਣ ਲਈ ਉਨ੍ਹਾਂ ਦਾ ਸਤਿਕਾਰ ਕਰਦੀ ਹਾਂ। ਅੱਲ੍ਹਾਤਾਲਾ ਉਨ੍ਹਾਂ ਨੂੰ ਜੰਨਤ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਦਾਨ ਕਰੇ।
ਦੱਸ ਦੇਈਏ ਕਿ ਗਿਲਾਨੀ ਦੀ ਮੌਤ ਤੋਂ ਬਾਅਦ ਪੂਰੀ ਘਾਟੀ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ । ਸਾਰੇ ਜ਼ਿਲ੍ਹਿਆਂ ਦੇ SSP ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ । ਗਿਲਾਨੀ ਦੇ ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸ਼੍ਰੀਨਗਰ ਦੇ ਸ਼ਹੀਦੀ ਕਬਰਸਤਾਨ ਵਿੱਚ ਦਫ਼ਨਾਇਆ ਜਾਵੇ, ਪਰ ਉਨ੍ਹਾਂ ਨੂੰ ਹੈਦਰਪੋਰਾ ਵਿੱਚ ਦਫਨਾਏ ਜਾਣ ਦੀ ਉਮੀਦ ਹੈ ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਇਸ ਕਸ਼ਮੀਰੀ ਨੇਤਾ ਦਾ ਜਨਮ 29 ਸਤੰਬਰ 1929 ਨੂੰ ਹੋਇਆ ਸੀ । ਗਿਲਾਨੀ ਪਾਬੰਦੀਸ਼ੁਦਾ ਜਮਾਤ-ਈ-ਇਸਲਾਮੀ ਦੇ ਮੈਂਬਰ ਸਨ ਅਤੇ ਬਾਅਦ ਵਿੱਚ ਉਨ੍ਹਾਂ ਤਹਿਰੀਕ-ਏ-ਹੁਰੀਅਤ ਦੀ ਸਥਾਪਨਾ ਕੀਤੀ ਸੀ ਅਤੇ ਹੁਰੀਅਤ ਕਾਨਫ਼ਰੰਸ ਦੇ ਕੱਟੜਪੰਥੀ ਧੜੇ ਦੇ ਚੇਅਰਮੈਨ ਸਨ । ਉਹ ਬਜ਼ੁਰਗ ਉਮਰ ਦੇ ਚੱਲਦੇ ਜੂਨ 2020 ਵਿੱਚ ਹੁਰੀਅਤ ਤੋਂ ਵੱਖ ਹੋ ਗਏ ਸਨ । ਉਹ ਜੰਮੂ-ਕਸ਼ਮੀਰ ਦੇ ਸੋਪੋਰ ਵਿਧਾਨ ਸਭਾ ਹਲਕੇ ਤੋਂ 3 ਵਾਰ ਵਿਧਾਇਕ ਵੀ ਰਹੇ ਸਨ ।
ਇਹ ਵੀ ਦੇਖੋ: 25 ਹੋਰ ਵੱਧ ਕੇ 925 ਦਾ ਹੋਇਆ, ਸੁਆਣੀਆਂ ਨੇ ਜੰਮ ਕੇ ਕੱਢੀ ਮੋਦੀ ਖਿਲਾਫ ਭੜਾਸ