ਕੋਰੋਨਾ ਵਾਇਰਸ ਟੀਕਾਕਰਨ ਸਬੰਧੀ ਪੁਣੇ ਸਥਿਤ ਟੀਕਾ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਜਾਧਵ ਦਾ ਕਹਿਣਾ ਹੈ ਕਿ ਟੀਕਾਕਰਨ ਮੁਹਿੰਮ ਦੇ ਵਿਸਥਾਰ ਦੌਰਾਨ ਸਰਕਾਰ ਨੇ ਵੈਕਸੀਨ ਦੇ ਉਪਲਬਧ ਸਟਾਕ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ।
ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਦੇ ਕਈ ਰਾਜਾਂ ਵਿੱਚ ਟੀਕੇ ਦੀ ਘਾਟ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਦਰਅਸਲ, ਇੱਕ ਸਮਾਗਮ ਦੌਰਾਨ ਜਾਧਵ ਨੇ ਕਿਹਾ ਕਿ ਭਾਰਤ ਸਰਕਾਰ ਨੂੰ WHO ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਉਸਦੇ ਅਨੁਸਾਰ ਹੀ ਟੀਕਾਕਰਨ ਵਿੱਚ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਸੀ ।
ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ 300 ਮਿਲੀਅਨ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਸੀ ਜਿਸ ਲਈ 600 ਮਿਲੀਅਨ ਖੁਰਾਕਾਂ ਦੀ ਜ਼ਰੂਰਤ ਸੀ। ਉਨ੍ਹਾਂ ਅੱਗੇ ਕਿਹਾ ਕਿ ਟੀਚੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਸਰਕਾਰ ਨੇ 45 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਦੇ ਨਾਲ-ਨਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਖੋਲ੍ਹ ਦਿੱਤਾ, ਜਦਕਿ ਸਰਕਾਰ ਨੂੰ ਵੀ ਪਤਾ ਸੀ ਕਿ ਸਾਡੇ ਕੋਲ ਵੈਕਸੀਨ ਦਾ ਇੰਨਾ ਸਟਾਕ ਨਹੀਂ ਹੈ।
ਸਾਨੂੰ ਇਸ ਤੋਂ ਸਿੱਖਿਆ ਮਿਲੀ ਕਿ ਸਾਨੂੰ ਉਤਪਾਦ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸਦੀ ਵਰਤੋਂ ਨਿਰਪੱਖਤਾ ਨਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜਾਧਵ ਨੇ ਕਿਹਾ ਕਿ ਟੀਕਾਕਰਨ ਜ਼ਰੂਰੀ ਹੈ ਪਰ ਟੀਕੇ ਦੀ ਖੁਰਾਕ ਮਿਲਣ ਤੋਂ ਬਾਅਦ ਵੀ ਲੋਕ ਕੋਰੋਨਾ ਤੋਂ ਪੀੜਤ ਹੋ ਰਹੇ ਹਨ। ਇਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਟੀਕਾਕਰਨ ਤੋਂ ਬਾਅਦ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।
ਇਹ ਵੀ ਦੇਖੋ: ਲਾਕਡਾਊਨ ਨੇ ਤੋੜਿਆ ਲੱਕ, ਉੱਤੋਂ ਕੋਰੋਨਾ ਹੋ ਗਿਆ, ਫਿਰ ਮਾਰੀ ਕਿਸਮਤ ਨੇ ਪਲਟੀ, ਲੱਗੀ 5 ਕਰੋੜ ਦੀ ਲਾਟਰੀ