Severe cold continues in North India: ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਦੇ ਚੱਲਦਿਆਂ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਪੰਜਾਬ ਸਣੇ ਕਈ ਰਾਜਾਂ ਵਿੱਚ ਧੁੰਦ ਅਤੇ ਸ਼ੀਤ ਲਹਿਰ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ । ਇਸ ਦੌਰਾਨ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਇਸਦੇ ਨਾਲ ਹੀ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਵਿੱਚ ਧੁੰਦ ਦੇ ਨਾਲ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਸੌਰਾਸ਼ਟਰ ਅਤੇ ਕੱਛ ਵਿੱਚ ਵੀ ਸ਼ੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਨਾਲ ਹੀ ਓਡੀਸ਼ਾ ਵਿੱਚ ਧੁੰਦ ਪੈ ਸਕਦੀ ਹੈ।
ਕੜਾਕੇ ਦੀ ਠੰਡ ਦੇ ਮੱਦੇਨਜ਼ਰ ਰਾਜਸਥਾਨ ਵਿੱਚ ਵੀ ਇਕਮਾਤਰ ਪਹਾੜੀ ਸੈਰ ਸਪਾਟਾ ਮਾਉਂਟ ਆਬੂ ਵਿੱਚ ਪਾਰਾ ਲਗਾਤਾਰ ਜ਼ੀਰੋ ਤੋਂ ਹੇਠਾਂ ਰਿਹਾ ਅਤੇ ਵੀਰਵਾਰ ਦੀ ਰਾਤ ਨੂੰ ਇੱਥੇ ਘੱਟੋ-ਘੱਟ ਤਾਪਮਾਨ ਮਨਫ਼ੀ ਤੋਂ 4.6 ਡਿਗਰੀ ਰਿਕਾਰਡ ਕੀਤਾ ਗਿਆ । ਮੌਸਮ ਵਿਭਾਗ ਅਨੁਸਾਰ ਰਾਜ ਦੇ ਹੋਰ ਇਲਾਕਿਆਂ ਵਿੱਚ ਠੰਡ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ 1.5 ਡਿਗਰੀ, ਚੁਰੂ ਵਿੱਚ 1.7 ਡਿਗਰੀ, ਭੀਲਵਾੜਾ 2.6 ਡਿਗਰੀ, ਪਿਲਾਨੀ ਵਿੱਚ 2.9 ਡਿਗਰੀ, ਚਿਤੌੜਗੜ ਵਿੱਚ 3.1 ਡਿਗਰੀ ਅਤੇ ਸ੍ਰੀ ਗੰਗਾਨਗਰ ਵਿੱਚ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸ੍ਰੀਨਗਰ ਵਿੱਚ ਪਾਰਾ ਦੋ ਡਿਗਰੀ ਹੋਰ ਹੇਠਾਂ ਡਿੱਗ ਗਿਆ, ਜਦੋਂਕਿ ਘਾਟੀ ਦੇ ਬਹੁਤੇ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 10 ਡਿਗਰੀ ਸੈਲਸੀਅਸ ਹੇਠਾਂ ਰਹਿਣ ਕਾਰਨ ਕਸ਼ਮੀਰ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਹੋਰ ਵੱਧ ਗਿਆ । ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਵਿੱਚ ਪਾਰਾ ਘੱਟੋ-ਘੱਟ 7.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਇੱਥੇ ਘੱਟੋ-ਘੱਟ ਤਾਪਮਾਨ ਮਾਇਨਸ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਸ਼ੀਤ ਲਹਿਰ ਜਾਰੀ ਰਹੀ ਅਤੇ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਗਿਆਨ ਨੇ ਇਹ ਜਾਣਕਾਰੀ ਦਿੱਤੀ। ਜਦੋਂ ਮੈਦਾਨੀ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਤੱਕ ਡਿੱਗਦਾ ਹੈ, IMD ਵੱਲੋਂ ਸ਼ੀਤ ਲਹਿਰ ਘੋਸ਼ਿਤ ਕੀਤੀ ਜਾਂਦੀ ਹੈ ।
ਇਹ ਵੀ ਦੇਖੋ: ਖਾਲਸਾ ਏਡ ਦੇ ਸ਼ੈਲਟਰ ਹਾਊਸ ਦੀ ਕੀਤੀ ਬੱਤੀ ਗੁੱਲ, ਅਫਸਰ ਕਹਿੰਦੇ ਉਤੋਂ ਆਡਰ ਆਏ ਨੇ