Shiv Sena takes dig at Centre: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ । ਕੋਰੋਨਾ ਮਹਾਂਮਾਰੀ ਦੇ ਵਿਚਾਲੇ ਵਿਵਸਥਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਨਹਿਰੂ-ਗਾਂਧੀ ਦੇ ਕਾਰਨ ਭਾਰਤ ਮੁਸ਼ਕਿਲ ਸਮੇਂ ਦੇ ਵਿਰੁੱਧ ਲੜ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ ਸਣੇ ਸਾਬਕਾ ਪ੍ਰਧਾਨ ਮੰਤਰੀਆਂ ਵੱਲੋਂ ਬਣਾਈ ਗਈ ਵਿਵਸਥਾ ਕਾਰਨ ਹੀ ਅੱਜ ਦੇਸ਼ ਨੂੰ ਮੁਸ਼ਕਿਲ ਸਮੇਂ ਨੂੰ ਪਾਰ ਕਰਨ ਵਿੱਚ ਮਦਦ ਮਿਲ ਰਹੀ ਹੈ।
ਉਨ੍ਹਾਂ ਕਿਹਾ, “ਦੇਸ਼ ਸਾਫ਼ ਤੌਰ ‘ਤੇ ਭਾਰਤ ਨਹਿਰੂ-ਗਾਂਧੀ ਵੱਲੋਂ ਬਣਾਈ ਗਈ ਵਿਵਸਥਾ ਦੇ ਸਹਾਰੇ ਹੈ। ਬਹੁਤ ਸਾਰੇ ਗਰੀਬ ਦੇਸ਼ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ, ਰਵਾਂਡਾ ਅਤੇ ਕਾਨਗੋ ਵਰਗੇ ਦੇਸ਼ ਦੂਜਿਆਂ ਦੀ ਮਦਦ ਲੈਂਦੇ ਸਨ । ਪਰ ਅੱਜ ਦੇ ਸ਼ਾਸਕਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਇਸ ਸਥਿਤੀ ਵਿੱਚੋਂ ਲੰਘ ਰਿਹਾ ਹੈ।’’
ਸ਼ਿਵ ਸੈਨਾ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਆਪਣੇ-ਆਪਣੇ ਢੰਗ ਨਾਲ ਇਸ ਮਹਾਂਮਾਰੀ ਦੌਰਾਨ ਭਾਰਤ ਦੀ ਮਦਦ ਕਰ ਰਹੇ ਹਨ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਹਜ਼ਾਰ ਕਰੋੜ ਦੇ ਸੈਂਟ੍ਰਲ ਵਿਸਟਾ ਪ੍ਰਾਜੈਕਟ ਦਾ ਕੰਮ ਬੰਦ ਕਰਨ ਲਈ ਤਿਆਰ ਨਹੀਂ ਹਨ । ਸ਼ਿਵ ਸੈਨਾ ਨੇ ਇਸ ਗੱਲ ‘ਤੇ ਹੈਰਾਨੀ ਜਤਾਈ ਕਿ ਕਿਸੇ ਨੂੰ ਵੀ ਇਸ ਗੱਲ ਦਾ ਅਫਸੋਸ ਨਹੀਂ ਹੈ ਕਿ ਇੱਕ ਪਾਸੇ ਸਾਡਾ ਦੇਸ਼ ਬੰਗਲਾਦੇਸ਼, ਸ੍ਰੀਲੰਕਾ ਅਤੇ ਭੂਟਾਨ ਵਰਗੇ ਦੇਸ਼ਾਂ ਤੋਂ ਮਦਦ ਸਵੀਕਾਰ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਮੋਦੀ ਨਵੇਂ ਸੰਸਦ ਭਵਨ ਅਤੇ ਪ੍ਰਧਾਨ ਮੰਤਰੀ ਆਵਾਸ ਦੀ ਉਸਾਰੀ ਰੋਕਣ ਲਈ ਤਿਆਰ ਨਹੀਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੁਨੀਆ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨਾਲ ਲੜ ਰਹੀ ਹੈ ਅਤੇ ਮਾਹਿਰਾਂ ਦਾ ਅਨੁਮਾਨ ਹੈ ਕਿ ਤੀਜੀ ਲਹਿਰ ਵਧੇਰੇ ਖਤਰਨਾਕ ਹੋ ਸਕਦੀ ਹੈ ਪਰ ਭਾਜਪਾ ਅਜੇ ਵੀ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਘੇਰਨ ਵਿਚ ਲੱਗੀ ਹੋਈ ਹੈ । ਸਾਮਨਾ ਨੇ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮੌਜੂਦਾ ਸਿਹਤ ਮੰਤਰਾਲਾ ਪੂਰੀ ਤਰ੍ਹਾਂ ਅਸਫਲ ਰਿਹਾ ਹੈ । ਇਸ ਤੋਂ ਪਹਿਲਾਂ ਸੁਬਰਾਮਨੀਅਮ ਸਵਾਮੀ ਨੇ ਮੰਗ ਕੀਤੀ ਸੀ ਕਿ ਸਿਹਤ ਮੰਤਰਾਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਿੱਤਾ ਜਾਵੇ।