Shivanand tiwari says : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਸ਼ਿਵਾਨੰਦ ਤਿਵਾਰੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਕਿਸਾਨ ਅੰਦੋਲਨ ਦੀ ਹਿਮਾਇਤ ‘ਚ ਅੰਤਰਰਾਸ਼ਟਰੀ ਸਖਸ਼ੀਅਤਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ‘ਮੁਕਾਬਲਾ’ ਕਰਨ ਲਈ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਮੈਦਾਨ ‘ਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਖਿਡਾਰੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਅਪਮਾਨ ਹੈ। ਆਰਜੇਡੀ ਦੇ ਕੌਮੀ ਉਪ-ਪ੍ਰਧਾਨ ਨੇ ਸਵਾਲ ਕੀਤਾ ਕਿ ਕੀ ਕੇਂਦਰ ਚਾਹੁੰਦਾ ਹੈ ਕਿ ਤੇਂਦੁਲਕਰ ਵਰਗੇ ਲੋਕਾਂ ਦੇ ਬਿਆਨਾਂ ਕਾਰਨ ਵਿਸ਼ਵ ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰੇ। ਧਿਆਨ ਯੋਗ ਹੈ ਕਿ ਤੇਂਦੁਲਕਰ, ਰਵੀ ਸ਼ਾਸਤਰੀ, ਵਿਰਾਟ ਕੋਹਲੀ ਅਤੇ ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਨੇ ਮਿਲ ਕੇ ‘ਭਾਰਤ ਸਰਕਾਰ ਅਤੇ ਉਸ ਦੀਆਂ ਨੀਤੀਆਂ ਖਿਲਾਫ ਚੱਲ ਰਹੇ ਪ੍ਰਚਾਰ ਦਾ ਵਿਰੋਧ’ ਮੁਹਿੰਮ ਦਾ ਕੇਂਦਰ ਦੇ ਸੱਦੇ ‘ਤੇ ਸਮਰਥਨ ਕੀਤਾ ਸੀ। ਕੇਂਦਰ ਨੇ ਇਸ ਮੁਹਿੰਮ ਦੀ ਸ਼ੁਰੂਆਤ ਰਿਹਾਨਾ, ਗ੍ਰੇਟਾ ਥਨਬਰਗ ਵਰਗੀਆਂ ਮਸ਼ਹੂਰ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਤੋਂ ਬਾਅਦ ਕੀਤੀ ਸੀ।
ਤੇਂਦੁਲਕਰ ਨੇ ਟਵੀਟ ਕੀਤਾ ਸੀ ਕਿ, “ਭਾਰਤ ਦੀ ਪ੍ਰਭੂਸੱਤਾ ‘ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਵਿਦੇਸ਼ੀ ਸ਼ਕਤੀਆਂ ਦਰਸ਼ਕ ਹੋ ਸਕਦੀਆਂ ਹਨ ਪਰ ਭਾਗੀਦਾਰ ਨਹੀਂ। ਭਾਰਤੀ ਭਾਰਤ ਨੂੰ ਜਾਣਦੇ ਹਨ ਅਤੇ ਉਹ ਭਾਰਤ ਲਈ ਫੈਸਲਾ ਕਰਨਗੇ। ਇੱਕ ਦੇਸ਼ ਵਜੋਂ ਇਕਜੁੱਟ ਹੋਣ ਦੀ ਜ਼ਰੂਰਤ ਹੈ।” ਆਰਜੇਡੀ ਆਗੂ ਨੇ ਕਿਹਾ, “ਕਿਸਾਨ ਟਵਿੱਟਰ ਬਾਰੇ ਨਹੀਂ ਜਾਣਦੇ। ਟਵਿੱਟਰ ਦੀ ਇਹ ਰਾਜਨੀਤੀ ਹਾਲ ਹੀ ਵਿੱਚ ਸ਼ੁਰੂ ਹੋਈ ਹੈ ਅਤੇ ਹਰ ਕੋਈ ਕਰਦਾ ਹੈ। ਗ੍ਰੇਟਾ ਥਨਰਬਗ ਅਤੇ ਰਿਹਾਨਾ ਨਾਲ ਕਿਸਾਨਾਂ ਦਾ ਕੀ ਲੈਣਾ ਹੈ? ਅਤੇ ਤੁਸੀਂ ਸਚਿਨ ਤੇਂਦੁਲਕਰ ਨੂੰ ਉਨ੍ਹਾਂ ਦੇ ਵਿਰੁੱਧ ਉਤਾਰ ਦਿੱਤਾ।” ਭਾਜਪਾ ਅਤੇ ਇਸ ਦੀ ਸਹਿਯੋਗੀ ਜੇਡੀਯੂ ਨੇ ਤਿਵਾਰੀ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਤੋਂ ਮੁਆਫੀ ਦੀ ਮੰਗ ਕੀਤੀ ਹੈ।