shive sena targets modi govt: ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਜਿੱਥੇ ਵੱਖ-ਵੱਖ ਵਰਗਾਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ, ਉੱਥੇ ਹੀ ਭਾਜਪਾ ਦੀਆ ਵਿਰੋਧੀ ਪਾਰਟੀਆਂ ਵੀ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਰਾਹੀਂ ਮੋਦੀ ਸਰਕਾਰ ਦੇ ਗੋਡੇ ਲਵਾ ਦਿੱਤੇ ਹਨ ਅਤੇ ਵਿਸ਼ਵ ਉਨ੍ਹਾਂ ਦੀ ਏਕਤਾ ਤੋਂ ਸਿੱਖ ਰਿਹਾ ਹੈ। ਪਾਰਟੀ ਨੇ ਕੇਂਦਰ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਵੀ ਕੀਤੀ ਹੈ।
ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ‘ ਵਿੱਚ ਇੱਕ ਸੰਪਾਦਕੀ ਵਿੱਚ ਕਿਹਾ ਗਿਆ ਹੈ, “ਸਖਤ ਠੰਡ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਪਸੀਨੇ ਛੱਡਾ ਦਿੱਤੇ ਹਨ। ਪ੍ਰਦਰਸ਼ਨ ਵੱਧਦਾ ਦਿਖਾਈ ਦੇ ਰਿਹਾ ਹੈ। ਮੋਦੀ ਸਰਕਾਰ ਨੇ ਪਹਿਲਾਂ ਕਦੇ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕੀਤਾ। ਸਰਕਾਰ ਦੇ ਸਦਾਬਹਾਰ ਹਥਿਆਰ ਸੀ.ਬੀ.ਆਈ., ਆਮਦਨ ਕਰ ਵਿਭਾਗ, ਈ.ਡੀ. ਅਤੇ ਐਨ.ਸੀ.ਬੀ ਵੀ ਇਸ ਮਾਮਲੇ ਵਿੱਚ ਸਰਕਾਰ ਦੇ ਕੰਮ ਨਹੀਂ ਆਏ ਹਨ। ਕਿਸਾਨਾਂ ਨੇ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ।” ਸੰਪਾਦਕੀ ਵਿੱਚ ਅੱਗੇ ਕਿਹਾ ਗਿਆ ਹੈ ਕਿ “ਉਹ (ਕਿਸਾਨ) ਆਪਣੀ ਮੰਗ ‘ਤੇ ਪੱਕੇ ਹਨ ਕਿ ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਥੋਂ ਤੱਕ ਕਿ ਗੱਲਬਾਤ ਦੇ ਚੌਥੇ ਗੇੜ ਦੌਰਾਨ ਉਨ੍ਹਾਂ ਨੇ ਸਰਕਾਰ ਦਾ ਖਾਣਾ ਖਾਣ ਅਤੇ ਪਾਣੀ ਪੀਣ ਤੋਂ ਵੀ ਇਨਕਾਰ ਕਰ ਦਿੱਤਾ। ”
ਨੋਟਬੰਦੀ, ਜੀ ਐੱਸ ਟੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਦਬਾਉਣ ਲਈ ਭਾਰਤ-ਪਾਕਿ ਟਕਰਾਅ ਵਰਗੇ ਮੁੱਦਿਆਂ ਦੀ ਵਰਤੋਂ ਕੀਤੀ। ਪਾਰਟੀ ਨੇ ਕਿਹਾ, “ਇਸ (ਮੋਦੀ ਸਰਕਾਰ) ਨੇ ਤਾਲਾਬੰਦੀ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਰਾਮ ਮੰਦਰ ਦੀ ਪੇਸ਼ਕਸ਼ ਕੀਤੀ। ਹਾਲਾਂਕਿ, ਕਿਸੇ ਵੀ ਲਾਲੀਪੌਪ ਨੇ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਕੰਮ ਨਹੀਂ ਕੀਤਾ। ਇਹ ਪੰਜਾਬ ਦੀ ਏਕਤਾ ਦੀ ਜਿੱਤ ਹੈ। ਭਾਜਪਾ ਦੇ ਆਈ ਟੀ ਸੈੱਲ ਨੇ ਵਿਰੋਧ ਪ੍ਰਦਰਸ਼ਨ ਨੂੰ ਅਸਫਲ ਕਰਨ ਦੀ ਹਰ ਕੋਸ਼ਿਸ਼ ਕੀਤੀ।” ਸਾਮਨਾ ਨੇ ਕਿਹਾ ਕਿ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਕਿਸਾਨ ਦੀ ਪੁਲਿਸ ਦੁਆਰਾ ਕੁੱਟਮਾਰ ਦੀ ਤਸਵੀਰ ਪੋਸਟ ਕੀਤੀ ਸੀ, ਤਦ ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਸੀ, ਪਰ ਹੁਣ ਟਵਿੱਟਰ ਨੇ ਮਾਲਵੀਆ ਨੂੰ ਹਕੀਕਤ ਦੱਸੀ ਹੈ। ਸੰਪਾਦਕੀ ਵਿੱਚ ਕਿਹਾ ਗਿਆ ਹੈ, “ਅਸੀਂ ਪ੍ਰਦਰਸ਼ਨਕਾਰੀਆਂ ਵਲੋਂ ਮੋਦੀ ਸਰਕਾਰ ਲਈ ਮੁਸ਼ਕਿਲ ਖੜੀ ਕਰਨ ਤੋਂ ਖੁਸ਼ ਨਹੀਂ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣੇ। ਅੱਜ ਪੰਜਾਬ ਉਬਲ ਰਿਹਾ ਹੈ ਪਰ ਕੀ ਹੋਵੇਗਾ ਜਦੋਂ ਸਾਰਾ ਦੇਸ਼ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਵੇਗਾ?”
ਇਹ ਵੀ ਦੇਖੋ : ਕਿਸਾਨਾਂ ਦੇ ਸੰਘਰਸ਼ ‘ਚ ਸ਼ਾਮਿਲ ਹੋਣ ਪਹੁੰਚੇ ਕੰਵਰ ਸੰਧੂ ਤੇ ਸੁੱਚਾ ਸਿੰਘ ਛੋਟੇਪੁਰ, ਸੁਣੋ ਕੀ ਕਿਹਾ…