Sidhi bus accident: ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਪੁਲ ਤੋਂ ਨਹਿਰ ਵਿੱਚ ਡਿੱਗੀ ਬੱਸ ਦੇ ਯਾਤਰੀਆਂ ਨੂੰ ਬਚਾਉਣ ਲਈ, ਉੱਥੇ ਖੜ੍ਹੇ 16 ਤੋਂ 22 ਸਾਲ ਦੇ ਬੱਚਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਸੱਤ ਯਾਤਰੀਆਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਹਾਲਾਂਕਿ, ਇਨ੍ਹਾਂ ਸੱਤ ਯਾਤਰੀਆਂ ਵਿੱਚੋਂ ਇੱਕ ਬਾਅਦ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ। ਬਾਕੀ ਛੇ ਯਾਤਰੀ ਸੁਰੱਖਿਅਤ ਹਨ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਵਿੱਚ ਸਿੱਧੀ ਬੱਸ ਹਾਦਸੇ ਵਿੱਚ ਛੇ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਇੰਨ੍ਹਾਂ ਤਿੰਨ ਬੱਚਿਆਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਚੌਹਾਨ ਨੇ ਕਿਹਾ, “ਸ਼ਿਵਰਾਣੀ ਲੋਨੀਆ, ਲਵਕੁਸ਼ ਲੋਨਿਆ ਅਤੇ ਸਤਤੇਂਦਰ ਸ਼ਰਮਾ ਨੂੰ ਬਚਾਅ ਕਾਰਜਾਂ ਵਿੱਚ ਸ਼ਾਨਦਾਰ ਕੰਮ ਕਰਨ ਲਈ ਹਰੇਕ ਨੂੰ ਪੰਜ ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ”। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਹਿੰਮਤ ਦਿਖਾ ਕੇ ਲੋਕਾਂ ਦੀ ਜਾਨ ਬਚਾਈ। ਚੌਹਾਨ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਐਨ.ਡੀ.ਆਰ.ਐਫ ਅਤੇ ਐਸ.ਡੀ.ਆਰ.ਐਫ ਦੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤਿਆਰੀ ਲਈ ਪ੍ਰਸੰਸਾ ਕੀਤੀ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਰਾਮਪੁਰ ਨਾਈਕਿਨ ਥਾਣਾ ਖੇਤਰ ਵਿੱਚ ਮੰਗਲਵਾਰ ਨੂੰ ਹੋਏ ਇਸ ਬੱਸ ਹਾਦਸੇ ਵਿੱਚ 51 ਲੋਕਾਂ ਦੀ ਮੌਤ ਹੋ ਗਈ। ਇਹ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਅਤੇ ਆਪਣਾ ਰਸਤਾ ਬਦਲਦੇ ਸਮੇਂ ਇਹ ਨਹਿਰ ਵਿੱਚ ਜਾ ਡਿੱਗੀ ਸੀ।
ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਦਿੱਲੀ ਪੁਲਿਸ ਫਿਰ ਐਕਸ਼ਨ ‘ਚ, ਕਿਉਂ ਲੱਗ ਰਹੀਆਂ ਮੁੜ ਕੰਡਿਆਲੀਆਂ ਤਾਰਾਂ, ਦੇਖੋ ਹਲਾਤ