Sikh Priest Sant Baba Ram Singh: ਸੰਤ ਬਾਬਾ ਰਾਮ ਸਿੰਘ ਦਾ ਸ਼ੁੱਕਰਵਾਰ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਵਿਖੇ ਉਨ੍ਹਾਂ ਦਾ ਪੋਸਟਮਾਰਟਮ ਹੋਇਆ । ਪੋਸਟਮਾਰਟਮ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਸੰਤ ਬਾਬਾ ਰਾਮ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਸਿੰਗੜਾ ਲਿਜਾਇਆ ਗਿਆ । ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਵੀਰਵਾਰ ਨੂੰ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਅੰਤਿਮ ਦਰਸ਼ਨ ਕਰਨ ਪਹੁੰਚਣਗੇ । ਦੱਸ ਦੇਈਏ ਕਿ ਕਿਸਾਨਾਂ ‘ਤੇ ਸਰਕਾਰ ਦੇ ਕਥਿਤ ਜ਼ੁਲਮ ਖ਼ਿਲਾਫ਼ ਸੰਤ ਬਾਬਾ ਰਾਮ ਸਿੰਘ ਨੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ ਸੀ । ਉਹ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਆਏ ਸੀ।
ਇਸ ਵਿਚਾਲੇ ਸੰਤ ਬਾਬਾ ਰਾਮ ਸਿੰਘ ਦਾ ਸੁਸਾਈਡ ਨੋਟ ਵੀ ਸਾਹਮਣੇ ਆਇਆ ਸੀ । ਉਨ੍ਹਾਂ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਕਿਸਾਨਾਂ ਦਾ ਦੁੱਖ ਦੇਖਿਆ । ਉਹ ਆਪਣੇ ਅਧਿਕਾਰ ਲੈਣ ਲਈ ਸੜਕਾ ‘ਤੇ ਹਨ । ਦਿਲ ਬਹੁਤ ਦੁਖਿਆ। ਸਰਕਾਰ ਇਨਸਾਫ ਨਹੀਂ ਦੇ ਰਹੀ । ਇਹ ਜ਼ੁਲਮ ਹੈ। ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ । ਸੰਤ ਬਾਬਾ ਰਾਮ ਸਿੰਘ ਅੱਗੇ ਲਿਖਦੇ ਹਨ ਕਿ ਕਿਸੇ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਅਤੇ ਜ਼ੁਲਮ ਖਿਲਾਫ਼ ਕੁਝ ਨਹੀਂ ਕੀਤਾ । ਕਈਆਂ ਨੇ ਸਨਮਾਨ ਵਾਪਸ ਕੀਤੇ । ਇਹ ਜ਼ੁਲਮ ਵਿਰੁੱਧ ਆਵਾਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
ਦਰਅਸਲ, ਸੰਤ ਬਾਬਾ ਰਾਮ ਸਿੰਘ ਕਿਸਾਨ ਹੋਣ ਦੇ ਨਾਲ-ਨਾਲ ਧਾਰਮਿਕ ਪ੍ਰਚਾਰਕ ਵੀ ਸਨ । ਉਹ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਵਿੱਚ ਸੀ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀ । ਉਨ੍ਹਾਂ ਨੇ ਕੈਂਪਾਂ ਦਾ ਪ੍ਰਬੰਧ ਵੀ ਕੀਤਾ ਸੀ ਅਤੇ ਕੰਬਲ ਵੀ ਵੰਡੇ ਸਨ । ਸੰਤ ਬਾਬਾ ਰਾਮ ਸਿੰਘ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਸੰਤ ਬਾਬਾ ਰਾਮ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਕਿਸਾਨਾਂ ਲਈ ਸ਼ਹਾਦਤ ਦਿੱਤੀ ਹੈ ।
ਦੱਸ ਦੇਈਏ ਕਿ 65 ਸਾਲਾਂ ਬਾਬਾ ਰਾਮ ਸਿੰਘ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਸੀ । ਦੱਸਿਆ ਜਾਂਦਾ ਹੈ ਕਿ ਹਰਿਆਣਾ ਅਤੇ ਪੰਜਾਬ ਤੋਂ ਇਲਾਵਾ ਦੁਨੀਆ ਭਰ ਵਿੱਚ ਉਨ੍ਹਾਂ ਦੇ ਲੱਖਾਂ ਦੀ ਗਿਣਤੀ ਵਿੱਚ ਪੈਰੋਕਾਰ ਹਨ । ਉਹ ਕਈ ਸਿੱਖ ਸੰਗਠਨਾਂ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਚੁੱਕੇ ਹਨ । ਸੰਤ ਬਾਬਾ ਰਾਮ ਸਿੰਘ ਦਾ ਡੇਰਾ ਕਰਨਾਲ ਜ਼ਿਲ੍ਹੇ ਦੇ ਸਿੰਗੜਾ ਪਿੰਡ ਵਿੱਚ ਹੈ । ਉਹ ਸਿੰਗਰਾ ਦੇ ਬਾਬਾ ਜੀ ਦੇ ਨਾਮ ਨਾਲ ਮਸ਼ਹੂਰ ਸੀ। ਬਾਬਾ ਰਾਮ ਸਿੰਘ ਸਿੰਗੜਾ ਵਾਲੇ ਡੇਰੇ ਤੋਂ ਇਲਾਵਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਚਨ ਕਰਨ ਲਈ ਜਾਂਦੇ ਸਨ।
ਇਹ ਵੀ ਦੇਖੋ: ਕਿਸਾਨੀ ਸੰਘਰਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਾਬਾ ਰਾਮ ਸਿੰਘ ਜੀ ਦੀ ਅੰਤਿਮ ਯਾਤਰਾ