ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਦਾ ਇੱਕ ਭਿਆਨਕ ਦ੍ਰਿਸ਼ ਸਾਹਮਣੇ ਆਇਆ ਹੈ । ਇੱਥੇ ਪਹਾੜੀ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ ਬੁਰੀ ਤਰ੍ਹਾਂ ਤਬਾਹ ਹੋ ਗਿਆ। ਸੈਂਕੜੇ ਦੀ ਗਿਣਤੀ ਵਿੱਚ ਲੋਕ ਰਸਤੇ ਵਿੱਚ ਫਸ ਗਏ ਹਨ। ਇੱਥੇ ਕਈ ਘੰਟਿਆਂ ਤੋਂ ਲੰਬਾ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ।
ਦਰਅਸਲ, ਇਹ ਹਾਦਸਾ ਸ਼ਿਲਾਈ ਸਬ-ਡਵੀਜ਼ਨ ਦੇ ਕਾਲੀ ਖਾਨ ਇਲਾਕੇ ਵਿੱਚ ਵਾਪਰਿਆ। ਸ਼ਿਲਾਈ ਤੋਂ ਪੋਂਟਾ ਸਾਹਿਬ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 707 ਚੰਡੀਗੜ੍ਹ ਤੋਂ ਦੇਹਰਾਦੂਨ ਨੂੰ ਜੋੜਨ ਵਾਲੀ ਮੁੱਖ ਸੜਕ ਹੈ।
ਇਸੇ ਵਿਚਾਲੇ ਲਾਹੌਲ-ਸਪਿਤੀ ਜ਼ਿਲ੍ਹੇ ਵਿਚ 3 ਪਰਬਤਾਰੋਹੀ ਲਾਪਤਾ ਹੋ ਗਏ ਹਨ। ਇਸ ਸਬੰਧੀ ਰਾਜ ਦੇ ਆਫ਼ਤ ਪ੍ਰਬੰਧਨ ਦੇ ਨਿਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਰਾਜਸਥਾਨ ਦੇ ਪਰਵਤਾਰੋਹੀ ਨਿਕੁੰਜ ਜਾਇਸਵਾਲ ਤੇ ਉਨ੍ਹਾਂ ਦੇ ਦੋ ਸਾਥੀ ਘੇਪਾਨ ਲਾਪਤਾ ਹੋ ਗਏ ਹਨ।
ਦੱਸ ਦੇਈਏ ਕਿ ਸਿਸੂ ਥਾਣਾ ਚੌਂਕੀ ਨੂੰ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬੀਕਾਨੇਰ ਦੇ ਨਿਵਾਸੀ ਜਾਇਸਵਾਲ ਤੇ ਉਨ੍ਹਾਂ ਦੇ ਦੋ ਸਾਥੀ ਪਿੰਡ ਵਿੱਚ ਹੋਟਲ ਵਿੱਚ ਰੁਕੇ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਘੇਪਾਨ ਪਰਬਤ ‘ਤੇ ਚੜ੍ਹਾਈ ਲਈ ਨਿਕਲੇ ਸਨ ਅਤੇ ਉਨ੍ਹਾਂ ਨੇ 29 ਜੁਲਾਈ ਨੂੰ ਵਾਪਿਸ ਆਉਣਾ ਸੀ। ਹਾਲਾਂਕਿ ਉਹ ਵਾਪਿਸ ਨਹੀਂ ਆਏ। ਫਿਲਹਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।