Sitharaman to congress : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ‘ਤੇ ਰਾਜ ਸਭਾ ‘ਚ ਜਵਾਬ ਦਿੱਤਾ ਹੈ। ਵਿੱਤ ਮੰਤਰੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਆਦਤ ਬਣ ਗਈ ਹੈ ਕਿ ਤੱਥਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਕਿ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਜਦਕਿ ਸਾਡੀ ਸਰਕਾਰ ਨੇ ਗਰੀਬਾਂ ਲਈ ਕਿੰਨਾ ਕੁੱਝ ਕੀਤਾ ਹੈ। ਅਸੀਂ ਸਕੀਮਾਂ ਚਲਾ ਰਹੇ ਹਾਂ। ਸੀਤਾਰਮਨ ਨੇ ਕਾਂਗਰਸ ਨੂੰ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਡੀਆਂ ਸਕੀਮਾਂ ਦਾ ਲਾਭ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਜਵਾਈ ਨੂੰ ਨਹੀਂ। ਵਿੱਤ ਮੰਤਰੀ ਨੇ ਰਾਜ ਸਭਾ ਵਿੱਚ ਕਿਹਾ ਕਿ ਸਾਡੀਆਂ ਯੋਜਨਾਵਾਂ ਸਿੱਧੇ ਤੌਰ ‘ਤੇ ਗਰੀਬਾਂ, ਮੱਧ ਵਰਗ ਨੂੰ ਲਾਭ ਪਹੁੰਚਾ ਰਹੀਆਂ ਹਨ ਨਾ ਕਿ ਕ੍ਰੋਨੀ ਪੂੰਜੀਵਾਦੀ ਜਾਂ ਜਵਾਈ ਨੂੰ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਦਾ ਲਾਭ ਕਿਸ ਨੂੰ ਮਿਲ ਰਿਹਾ ਹੈ, ਜਵਾਈ ਨੂੰ ਮਿਲ ਰਿਹਾ ਹੈ ਕੀ? ਕਾਂਗਰਸ ਦੇ ਹੰਗਾਮੇ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਵਾਈ ਹਰ ਘਰ ਵਿੱਚ ਹੁੰਦਾ ਹੈ, ਪਰ ਜਵਾਈ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਇੱਕ ਵਿਸ਼ੇਸ਼ ਨਾਮ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ 2021-22 ਦਾ ਬਜਟ ਸਵੈ-ਨਿਰਭਰ ਭਾਰਤ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ ਅਤੇ ਸਰਮਾਏਦਾਰੀ ਨਾਲ ਮਿਲੀਭੁਗਤ ਦਾ ਦੋਸ਼ ਲਾਉਣਾ ਬੇਬੁਨਿਆਦ ਹੈ। ਵਿਰੋਧੀ ਧਿਰ ਦੇ ਇਲਜ਼ਾਮ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ, “ਸਰਕਾਰ ਗਰੀਬ ਹੋਵੇ ਜਾ ਉੱਦਮੀ, ਹਰ ਵਰਗ ਦੇ ਲੋਕਾਂ ਲਈ ਕੰਮ ਕਰ ਰਹੀ ਹੈ।” ਸਾਡੇ ‘ਤੇ ਪੂੰਜੀਪਤੀਆਂ ਨਾਲ ਮਿਲੀਭੁਗਤ ਦਾ ਦੋਸ਼ ਲਾਉਣਾ ਬੇਬੁਨਿਆਦ ਹੈ। ਪਿੰਡਾਂ ਵਿੱਚ ਸੜਕਾਂ ਦਾ ਨਿਰਮਾਣ, ਸੌਭਾਗਿਆ ਯੋਜਨਾ ਤਹਿਤ ਹਰ ਪਿੰਡ ਵਿੱਚ ਬਿਜਲੀ, ਛੋਟੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸਾ ਪਾਉਣ ਵਰਗੀਆਂ ਯੋਜਨਾ ਗਰੀਬਾਂ ਲਈ ਹਨ ਨਾ ਕਿ ਸਰਮਾਏਦਾਰਾਂ ਲਈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਸਵੈ-ਨਿਰਭਰ ਭਾਰਤ ਲਈ ਹੈ।