Snowfall in Kedarnath: ਉਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ । ਇੱਥੇ ਮੰਗਲਵਾਰ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ । ਧਾਮ ਵਿੱਚ ਦੋ ਇੰਚ ਬਰਫਬਾਰੀ ਕਾਰਨ ਕੇਦਾਰਨਾਗਰੀ ਚਿੱਟੀ ਦਿਖਾਈ ਦੇ ਰਹੀ ਹੈ । ਬਰਫਬਾਰੀ ਕਾਰਨ ਇੱਥੇ ਠੰਡ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਇਹ ਸੀਜ਼ਨ ਦੀ ਦੂਜੀ ਬਰਫਬਾਰੀ ਹੈ। ਇਸ ਬਰਫਬਾਰੀ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਬਦਰੀਨਾਥ ਵਿੱਚ ਮੌਸਮ ਖ਼ਰਾਬ ਹੋਣ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ।
ਦਰਅਸਲ, ਇੱਥੇ ਕੜਾਕੇ ਦੀ ਠੰਡ ਕਾਰਨ ਟੂਟੀਆਂ ਅਤੇ ਨਾਲੀਆਂ ਜੰਮ ਗਈਆਂ ਹਨ । ਘਰਾਂ ਦੀਆਂ ਛੱਤਾਂ ਸਣੇ ਕਈ ਥਾਵਾਂ ‘ਤੇ ਬਰਫ਼ ਦੀ ਪਰਤ ਜੰਮ ਗਈ ਹੈ । ਜਿਸ ਕਾਰਨ ਕੇਦਾਰਨਾਥ ਧਾਮ ਵਿੱਚ ਚੱਲ ਰਹੇ ਨਿਰਮਾਣ ਕਾਰਜ ਵੀ ਠੱਪ ਹੋ ਗਏ ਹਨ । ਦੱਸ ਦੇਈਏ ਕਿ ਕੇਦਾਰਨਾਥ ਧਾਮ ਦੇ ਦਰਵਾਜ਼ੇ 16 ਨਵੰਬਰ ਨੂੰ ਬੰਦ ਹੋਣਗੇ । ਕਪਾਟ ਦੇ ਬੰਦ ਹੋਣ ਤੋਂ ਪਹਿਲਾਂ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆ ਰਹੇ ਹਨ ।
ਦਰਅਸਲ, ਕੇਦਾਰਨਾਥ ਤੋਂ ਇਲਾਵਾ ਮਦਮਹੇਸ਼ਵਰ, ਤੁੰਗਨਾਥ ਅਤੇ ਕਾਲੀਸ਼ਿਲਾ ਦੀਆਂ ਪਹਾੜੀਆਂ ਵਿੱਚ ਵੀ ਹਲਕੀ ਬਰਫਬਾਰੀ ਹੋਈ । ਇਸ ਦੇ ਨਾਲ ਹੀ ਉੱਚੇ ਇਲਾਕੇ ਪੰਚਾਚੂਲੀ, ਰਾਜਰੰਭਾ, ਹਸਲਿੰਗ, ਨੰਦਾ ਦੇਵੀ, ਨਾਗਨੀ ਧੂਰਾ ਸਣੇ ਆਸ-ਪਾਸ ਦੇ ਸਥਾਨਾਂ ‘ਤੇ ਭਾਰੀ ਬਰਫਬਾਰੀ ਹੋਈ । ।
ਗੌਰਤਲਬ ਹੈ ਕਿ ਹਾਲ ਹੀ ਵਿੱਚ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਕਪਾਟ ਸ਼ੀਤਕਾਲ ਲਈ ਬੰਦ ਕਰਨ ਦੀਆਂ ਤਰੀਕਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਬਾ ਤੁੰਗਨਾਥ ਅਤੇ ਮਦਮੇਸ਼ਵਰ ਧਾਮ ਦੇ ਕਪਾਟ ਬੰਦ ਕਰਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ । ਜਿਸ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆ ਰਹੇ ਹਨ।
ਦੱਸ ਦੇਈਏ ਕਿ ਉੱਚ ਹਿਮਾਲਿਆਈ ਖੇਤਰਾਂ ਵਿੱਚ ਚੀਨ ਦੀ ਸਰਹੱਦ ਦੇ ਨਾਲ ਲੱਗਦੀ ਭਾਰਤੀ ਫੌਜ ਦੀਆਂ ਚੌਕੀਆਂ ਵਿੱਚ ਵੀ ਸੀਜ਼ਨ ਦੀ ਦੂਸਰੀ ਬਰਫਬਾਰੀ ਹੋਈ । ਸਵੇਰ ਤੋਂ ਹੀ ਦੁੰਗ, ਬਮਰਾਸ ਅਤੇ ਪੁਰਾਣੀ ਦੁੰਗ ਚੌਕੀ ਵਿੱਚ ਬਰਫਬਾਰੀ ਜਾਰੀ ਰਹੀ । ਚੌਂਕੀਆਂ ਦੇ ਆਸ-ਪਾਸ ਬਰਫ਼ ਦੀਆਂ ਚਿੱਟੀਆਂ ਚਾਦਰਾਂ ਵਿਛ ਗਈਆਂ। ਇਨ੍ਹਾਂ ਚੌਕੀਆਂ ਵਿੱਚ ਤਾਪਮਾਨ ਮਾਇਨਸ ‘ਤੇ ਪਹੁੰਚ ਗਿਆ ਹੈ।