Sonia gandhi said bjp govt : ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਪਿੱਛਲੇ 43 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹਨ। ਕਾਂਗਰਸ ਲਗਾਤਾਰ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੀ ਹੈ। ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਬਿਆਨ ਜਾਰੀ ਕਰਕੇ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਅੱਜ ਇੱਕ ਦੋਰਾਹੇ ’ਤੇ ਖੜ੍ਹਾ ਹੈ। ਇੱਕ ਪਾਸੇ ਦੇਸ਼ ਦਾ ਅੰਨਦਾਤਾ ਪਿੱਛਲੇ 43 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੀਆਂ ਜਾਇਜ਼ ਮੰਗਾਂ ਦੇ ਸਮਰਥਨ ਵਿੱਚ ਡਟਿਆ ਹੋਇਆ ਹੈ, ਜਦਕਿ ਦੇਸ਼ ਦੀ ਤਾਨਾਸ਼ਾਹੀ, ਸੰਵੇਦਨਹੀਣ ਅਤੇ ਬੇਰਹਿਮ ਭਾਜਪਾ ਸਰਕਾਰ ਗਰੀਬ ਕਿਸਾਨਾਂ ਅਤੇ ਮੱਧ ਵਰਗ ਦਾ ਲੱਕ ਤੋੜਨ ਵਿੱਚ ਲੱਗੀ ਹੋਈ ਹੈ।
ਕੋਰੋਨਾ ਦੀ ਮਾਰ ਨਾਲ ਤਬਾਹ ਹੋਈ ਅਰਥਵਿਵਸਥਾ ਦੇ ਵਿਚਕਾਰ, ਮੋਦੀ ਸਰਕਾਰ ਬਿਪਤਾ ਨੂੰ ਆਪਣਾ ਖਜ਼ਾਨਾ ਭਰਨ ਦਾ ਮੌਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਕੱਚੇ ਤੇਲ ਦੀ ਕੀਮਤ $ 50.96 ਪ੍ਰਤੀ ਬੈਰਲ ਹੈ, ਭਾਵ 23.43 ਪ੍ਰਤੀ ਲੀਟਰ ਹੈ। ਇਸ ਦੇ ਬਾਵਜੂਦ ਡੀਜ਼ਲ 74.38 ਅਤੇ ਪੈਟਰੋਲ 84.20 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਹ ਪਿੱਛਲੇ 73 ਸਾਲਾਂ ਵਿੱਚ ਸਭ ਤੋਂ ਉੱਚੀ ਕੀਮਤ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਘੱਟ ਕੀਮਤਾਂ ਦੇ ਬਾਵਜੂਦ ਸਰਕਾਰ ਨੇ ਆਮ ਖਪਤਕਾਰਾਂ ਨੂੰ ਆਪਣਾ ਲਾਭ ਦੇਣ ਦੀ ਬਜਾਏ ਐਕਸਾਈਜ਼ ਡਿਊਟੀ ਵਿੱਚ ਵਾਧਾ ਕਰਕੇ ਮੁਨਾਫ਼ੇ ਦੀ ਵਸੂਲੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਐਕਸਾਈਜ਼ ਡਿਊਟੀ ਵਿੱਚ ਵਾਧਾ ਕਰ ਪਿੱਛਲੇ ਸਾਢੇ ਛੇ ਸਾਲਾਂ ਵਿੱਚ ਮੋਦੀ ਸਰਕਾਰ ਨੇ ਆਮ ਲੋਕਾਂ ਦੀ ਜੇਬ ਵਿੱਚੋਂ ਲੱਗਭਗ 19,00,000 ਕਰੋੜ ਦੀ ਵਸੂਲੀ ਕੀਤੀ ਹੈ।