Sovereign Gold Bond Scheme: ਪਿਛਲੇ ਕੁੱਝ ਸਾਲਾਂ ਤੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਫਿਜ਼ੀਕਲ ਸੋਨੇ ਦੀ ਮੰਗ ਨੂੰ ਘਟਾਉਣ ਲਈ ਇੱਕ ਵਿਸ਼ੇਸ਼ ਯੋਜਨਾ ਚਲਾ ਰਹੀ ਹੈ। ਇਸਦਾ ਨਾਮ ਗੋਲਡ ਬਾਂਡ ਸਕੀਮ ਹੈ। ਇਸ ਯੋਜਨਾ ਤਹਿਤ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਇੱਕ ਵਾਰ ਫਿਰ ਸੋਨਾ ਵੇਚ ਰਹੀ ਹੈ।
ਦਰਅਸਲ, ਇਸ ਯੋਜਨਾ ਦੇ ਅਧੀਨ ਸਰਕਾਰ ਬਾਂਡ ਦੇ ਰੂਪ ਵਿੱਚ ਸੋਨਾ ਵੇਚਦੀ ਹੈ। ਇਸ ਸੋਨੇ ਦੀ ਕੀਮਤ ਰਿਜ਼ਰਵ ਬੈਂਕ ਵੱਲੋਂ ਤੈਅ ਕੀਤੀ ਜਾਂਦੀ ਹੈ। ਰਿਜ਼ਰਵ ਬੈਂਕ ਸਮੇਂ-ਸਮੇਂ ‘ਤੇ ਇਸ ਸੋਨੇ ਦੀ ਕੀਮਤ ਜਾਰੀ ਕਰਦਾ ਹੈ, ਜੋ ਕਿ ਮਾਰਕੀਟ ਵਿੱਚ ਮੌਜੂਦ ਫਿਜ਼ੀਕਲ ਸੋਨੇ ਨਾਲੋਂ ਸਸਤਾ ਅਤੇ ਸੁਰੱਖਿਅਤ ਹੈ। ਆਓ ਜਾਣਦੇ ਹਾਂ ਇਸ ਸਕੀਮ ਤਹਿਤ ਸੋਨੇ ਦੀ ਨਵੀਂ ਕੀਮਤ ਬਾਰੇ।
ਰਿਜ਼ਰਵ ਬੈਂਕ ਨੇ ਇਸ ਵਾਰ ਸੋਨੇ ਦੇ ਬਾਂਡ ਦੀ ਕੀਮਤ 5,117 ਰੁਪਏ ਪ੍ਰਤੀ ਗ੍ਰਾਮ ਰੱਖੀ ਹੈ। ਸੋਨੇ ਦੇ ਬਾਂਡਾਂ ਦੀ ਖਰੀਦ ਲਈ ਡਿਜੀਟਲ ਭੁਗਤਾਨ ਕਰਨ ਲਈ 50 ਰੁਪਏ ਪ੍ਰਤੀ ਗ੍ਰਾਮ ਦੀ ਛੂਟ ਮਿਲੇਗੀ। ਅਜਿਹੇ ਨਿਵੇਸ਼ਕਾਂ ਲਈ ਬਾਂਡ ਦੀ ਕੀਮਤ 5,067 ਰੁਪਏ ਪ੍ਰਤੀ ਗ੍ਰਾਮ ਹੋਵੇਗੀ। ਇਹ ਯੋਜਨਾ 31 ਅਗਸਤ ਨੂੰ ਖੁੱਲ੍ਹੇਗੀ ਅਤੇ 4 ਸਤੰਬਰ ਨੂੰ ਬੰਦ ਹੋਵੇਗੀ। ਇਸਦਾ ਅਰਥ ਹੈ ਕਿ ਤੁਸੀਂ ਇਸ ਮਿਆਦ ਦੇ ਦੌਰਾਨ ਸੋਨੇ ਦੀ ਖਰੀਦਾਰੀ ਕਰ ਸਕਦੇ ਹੋ। ਇਸ ਵਿੱਚ ਘੱਟੋ-ਘੱਟ ਇੱਕ ਗ੍ਰਾਮ ਸੋਨਾ ਖਰੀਦਿਆ ਜਾ ਸਕਦਾ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਆਪਣੇ ਬੈਂਕ, ਬੀਐਸਈ, ਐਨਐਸਈ ਦੀ ਵੈਬਸਾਈਟ ਜਾਂ ਡਾਕਘਰ ਨਾਲ ਸੰਪਰਕ ਕਰਨਾ ਪਵੇਗਾ। ਇਹ ਇੱਥੋਂ ਡਿਜੀਟਲ ਰੂਪ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਇੱਕ ਕਿਸਮ ਦਾ ਸੁਰੱਖਿਅਤ ਨਿਵੇਸ਼ ਹੈ ਕਿਉਂਕਿ ਇੱਥੇ ਨਾ ਤਾਂ ਸ਼ੁੱਧਤਾ ਦੀ ਚਿੰਤਾ ਹੈ ਅਤੇ ਨਾ ਹੀ ਸੁਰੱਖਿਆ ਦੀ ਸਮੱਸਿਆ।
ਦੱਸ ਦੇਈਏ ਕਿ ਵਿੱਤੀ ਸਾਲ 2019-20 ਵਿੱਚ ਰਿਜ਼ਰਵ ਬੈਂਕ ਨੇ 2,316.37 ਕਰੋੜ ਰੁਪਏ ਦੇ ਸੋਨੇ ਦੇ ਬਾਂਡ ਯਾਨੀ 6.13 ਟਨ ਦਸ ਕਿਸ਼ਤਾਂ ਵਿੱਚ ਜਾਰੀ ਕੀਤੇ । ਉੱਥੇ ਹੀ ਕੋਰੋਨਾ ਕਾਲ ਵਿੱਚ ਲਗਾਤਾਰ 6 ਮਹੀਨਿਆਂ ਲਈ ਬਾਂਡ ਜਾਰੀ ਕੀਤੇ ਜਾ ਰਹੇ ਹਨ। ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਵਾਰ ਨਿਵੇਸ਼ ਤੋਂ ਖੁੰਝ ਜਾਣ ‘ਤੇ ਤੁਹਾਨੂੰ ਕੁਝ ਮਹੀਨਿਆਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।