Subhash Chandra Bose birth anniversary: ਨਵੀਂ ਦਿੱਲੀ: ਭਾਰਤੀ ਸੁਤੰਤਰਤਾ ਸੰਗਰਾਮ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸੁਭਾਸ਼ ਚੰਦਰ ਬੋਸ ਦਾ ਜਨਮਦਿਨ ਇਸ ਵਾਰ ਤੋਂ ਪਾਰਕ੍ਰਮ ਦਿਵਸ ਵਜੋਂ ਮਨਾਇਆ ਜਾਵੇਗਾ । ਇਹ ਜਾਣਕਾਰੀ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਨੇਤਾ ਜੀ ਦੀ 125 ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਬਹਾਦਰੀ ਸਭ ਜਾਣਦੇ ਹਨ । ਨੇਤਾ ਜੀ ਵਰਗੇ ਸਕਾਲਰ, ਸੈਨਿਕ ਅਤੇ ਸਟੇਟਸਮੈਨ ਦੀ 125ਵੀਂ ਜਯੰਤੀ ਨਾਲ ਜੁੜੇ ਪ੍ਰੋਗਰਾਮਾਂ ਦਾ ਐਲਾਨ ਅਸੀਂ ਜਲਦ ਹੀ ਕਰਾਂਗੇ।
ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਲਈ ਕੇਂਦਰ ਸਰਕਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਸੱਭਿਆਚਾਰ ਮੰਤਰਾਲੇ ਨੇ ਵੀ ਇੱਕ ਅਧਿਕਾਰਤ ਰੀਲੀਜ਼ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਕਮੇਟੀ ਅਗਲੇ ਸਾਲ 23 ਜਨਵਰੀ ਤੋਂ ਇੱਕ ਸਾਲ ਤੱਕ 125ਵੀਂ ਜਯੰਤੀ ਦੇ ਸਾਲ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਦਾ ਫ਼ੈਸਲਾ ਕਰੇਗੀ।
ਦੱਸ ਦੇਈਏ ਕਿ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ । ਇਸ ਕਮੇਟੀ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਰਾਜਨਾਥ ਸਿੰਘ, ਅਮਿਤ ਸ਼ਾਹ, ਮਮਤਾ ਬੈਨਰਜੀ, ਜਗਦੀਪ ਧਨਖੜ, ਮਿਥੁਨ ਚੱਕਰਵਰਤੀ, ਕਾਜੋਲ ਅਤੇ ਏ.ਆਰ. ਰਹਿਮਾਨ ਸਮੇਤ 84 ਲੋਕਾਂ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਨੇਤਾ ਜੀ ਦੀ 125ਵੀਂ ਜਯੰਤੀ ਦੇ ਸਮਾਰੋਹ ਲਈ ਬਣਾਈ ਗਈ ਇਸ ਕਮੇਟੀ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਅਤੇ ਟੀਐਮਸੀ ਤੋਂ ਭਾਜਪਾ ਵਿੱਚ ਆਏ ਸ਼ੁਹੇਂਦੂ ਅਧਿਕਾਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।