sugarcane farmers: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਗੰਨੇ ਦੇ ਨਿਰਪੱਖ ਅਤੇ ਮਿਹਨਤਾਨਾ (ਐਫਆਰਪੀ) ਮੁੱਲ ਨੂੰ 10 ਰੁਪਏ ਵਧਾ ਕੇ 285 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੀਮਤ ਅਕਤੂਬਰ 2020 ਤੋਂ ਗੰਨੇ ਦੇ ਨਵੇਂ ਮਾਰਕੀਟਿੰਗ ਸੀਜ਼ਨ ਲਈ ਨਿਰਧਾਰਤ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਫ਼ੈਸਲਾ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ਗੰਨੇ 2020 – 21 (ਅਕਤੂਬਰ – ਸਤੰਬਰ) ਦੇ ਮਾਰਕੀਟਿੰਗ ਸਾਲ ਲਈ ਐਫਆਰਪੀ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸੀਸੀਈਏ ਨੇ ਖੁਰਾਕ ਮੰਤਰਾਲੇ ਵੱਲੋਂ ਇਸ ਸਬੰਧ ‘ਚ ਦਿੱਤੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਅਗਲੇ ਮਾਰਕੀਟਿੰਗ ਸੈਸ਼ਨ ਲਈ ਗੰਨੇ ਦੀ ਐਫਆਰਪੀ ਨੂੰ 275 ਰੁਪਏ ਤੋਂ ਵਧਾ ਕੇ 285 ਰੁਪਏ ਕੁਇੰਟਲ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਸੂਤਰ ਦੱਸਦੇ ਹਨ ਕਿ ਕੈਬਨਿਟ ਕਮੇਟੀ ਦਾ ਇਹ ਫੈਸਲਾ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ ਦੀ ਸਿਫਾਰਸ਼ ਦੇ ਅਨੁਸਾਰ ਹੈ। ਸੀਏਸੀਪੀ ਇੱਕ ਕਾਨੂੰਨੀ ਸੰਸਥਾ ਹੈ ਜੋ ਸਰਕਾਰ ਨੂੰ ਵੱਡੇ ਖੇਤੀਬਾੜੀ ਉਤਪਾਦਾਂ ਦੀਆਂ ਕੀਮਤਾਂ ਬਾਰੇ ਸਲਾਹ ਦਿੰਦੀ ਹੈ। ਐੱਫਆਰਪੀ ਦਾ ਫ਼ੈਸਲਾ ਗੰਨਾ (ਕੰਟਰੋਲ) ਆਰਡਰ 1966 ਦੇ ਤਹਿਤ ਕੀਤਾ ਜਾਂਦਾ ਹੈ। ਇਹ ਗੰਨੇ ਦਾ ਘੱਟੋ ਘੱਟ ਮੁੱਲ ਹੈ, ਜਿਸ ਦਾ ਖੰਡ ਮਿੱਲਾਂ ਨੂੰ ਗੰਨਾ ਉਤਪਾਦਕ ਕਿਸਾਨਾਂ ਨੂੰ ਭੁਗਤਾਨ ਕਰਨਾ ਪੈਂਦਾ ਹੈ। ਸਰਕਾਰ ਦਾ ਅਨੁਮਾਨ ਹੈ ਕਿ ਮੌਜੂਦਾ ਮਾਰਕੀਟਿੰਗ ਸੀਜ਼ਨ ਵਿੱਚ ਗੰਨੇ ਦਾ ਕੁੱਲ ਉਤਪਾਦਨ 280 ਤੋਂ 290 ਲੱਖ ਟਨ ਦੇ ਵਿਚਕਾਰ ਹੋ ਸਕਦਾ ਹੈ। ਗੰਨੇ ਦਾ ਚੱਲ ਰਿਹਾ ਮਾਰਕੀਟ ਸੀਜ਼ਨ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਪਿੱਛਲੇ ਸਾਲ 2018-19 ਵਿੱਚ ਦੇਸ਼ ‘ਚ 331 ਲੱਖ ਟਨ ਗੰਨੇ ਦਾ ਉਤਪਾਦਨ ਹੋਇਆ ਸੀ। ਮੌਜੂਦਾ ਮਾਰਕੀਟਿੰਗ ਸੀਜ਼ਨ ਵਿੱਚ ਉਤਪਾਦਨ ਘੱਟ ਹੋਣ ਦੀ ਉਮੀਦ ਹੈ, ਕਿਉਂਕਿ ਮਹਾਰਾਸ਼ਟਰ ਅਤੇ ਕਰਨਾਟਕ ‘ਚ ਗੰਨੇ ਦੀ ਕਾਸ਼ਤ ਵਿੱਚ ਕਮੀ ਆਈ ਹੈ।