Sunni central waqf board: ਸੁੰਨੀ ਸੈਂਟਰਲ ਵਕਫ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਅਯੁੱਧਿਆ ਵਿੱਚ ਦਿੱਤੀ ਗਈ ਜ਼ਮੀਨ ‘ਤੇ ਬਣਨ ਵਾਲੀ ਮਸਜਿਦ ਦਾ ਨਾਮ ਬਾਬਰੀ ਮਸਜਿਦ ਦੇ ਨਾਂ ਨਹੀਂ ਰੱਖਿਆ ਜਾਵੇਗਾ। ਇੰਡੋ-ਇਸਲਾਮਿਕ ਕਲਚਰਲ ਫਾਉਂਡੇਸ਼ਨ ਟਰੱਸਟ ਦੇ ਬੁਲਾਰੇ ਨੇ ਕਿਹਾ ਕਿ ਇਸਲਾਮ ਵਿੱਚ ਮਸਜਿਦ ਦੀ ਉਸਾਰੀ ਵਿੱਚ ਨੀਂਹ ਪੱਥਰ ਪ੍ਰੋਗਰਾਮ ਦੀ ਆਗਿਆ ਨਹੀਂ ਹੈ। ਸਿਰਫ ਨੀਂਹ ਖੋਦ ਕੇ ਮਸਜਿਦ ਦੀ ਸ਼ੁਰੂਆਤ ਹੁੰਦੀ ਹੈ, ਪਰ ਜਦੋਂ ਇਸ ਜ਼ਮੀਨ ‘ਤੇ ਹਸਪਤਾਲ ਜਾਂ ਟਰੱਸਟ ਦੀ ਇਮਾਰਤ ਦੀ ਨੀਂਹ ਰੱਖੀ ਜਾਵੇਗੀ, ਤਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੁਲਾਇਆ ਜਾਵੇਗਾ।
ਇੰਡੋ-ਇਸਲਾਮਿਕ ਕਲਚਰਲ ਫਾਉਂਡੇਸ਼ਨ ਟਰੱਸਟ ਦੇ ਬੁਲਾਰੇ ਅਨੁਸਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਜ਼ਮੀਨ ‘ਤੇ ਸ਼ੁਰੂਆਤੀ ਪ੍ਰੋਗਰਾਮ ਲਈ ਬੁਲਾਇਆ ਜਾਵੇਗਾ। ਦੱਸ ਦੇਈਏ ਕਿ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਮਸਜਿਦ ਦੇ ਨੀਂਹ ਪੱਥਰ ਏ ਪ੍ਰੋਗਰਾਮ ਲਈ ਉਨ੍ਹਾਂ ਨੂੰ ਨਾ ਤਾਂ ਕੋਈ ਬੁਲਾਏਗਾ ਅਤੇ ਨਾ ਹੀ ਉਹ ਜਾਣਗੇ ।
ਜ਼ਿਕਰਯੋਗ ਹੈ ਕਿ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਹ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਅਯੁੱਧਿਆ ਦੇ ਨਜ਼ਦੀਕ ਰੌਨਾਹੀ ਪਿੰਡ ਦੇ ਧਨੀਪੁਰ ਪਿੰਡ ਵਿੱਚ ਬਣਨ ਵਾਲੀ ਮਸਜਿਦ ਦਾ ਨਾਮ ਬਾਬਰ ਦੇ ਨਾਮ ‘ਤੇ ਰੱਖਿਆ ਜਾਵੇਗਾ, ਜਿਸ ਨੂੰ ਸੁੰਨੀ ਕੇਂਦਰੀ ਵਕਫ਼ ਬੋਰਡ ਨੇ ਰੱਦ ਕਰ ਦਿੱਤਾ ਅਤੇ ਇਸਨੂੰ ਇੱਕ ਅਫਵਾਹ ਦੱਸਿਆ। ਸੁੰਨੀ ਕੇਂਦਰੀ ਵਕਫ਼ ਬੋਰਡ ਨੇ ਹਾਲ ਹੀ ਵਿੱਚ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਟਰੱਸਟ ਦਾ ਗਠਨ ਕੀਤਾ ਹੈ ਜੋ ਅਯੁੱਧਿਆ ਵਿੱਚ ਮਸਜਿਦ ਅਤੇ ਇਸ ਦੇ ਨਾਲ ਲੱਗਦੇ ਹਸਪਤਾਲ, ਕਮਿਊਨਿਟੀ ਸੈਂਟਰ ਅਤੇ ਕਮਿਊਨਿਟੀ ਰਸੋਈ ਦਾ ਨਿਰਮਾਣ ਕਰੇਗਾ। ਇਸਦੇ ਨਾਲ ਹੀ ਇਸਲਾਮਿਕ ਮਾਮਲਿਆਂ ਬਾਰੇ ਇੱਕ ਖੋਜ ਕੇਂਦਰ ਵੀ ਹੋਵੇਗਾ।