Supreme Court dismisses plea: ਸੁਪਰੀਮ ਕੋਰਟ ਨੇ NEET ਅਤੇ JEE ਪ੍ਰੀਖਿਆਵਾਂ ਕਰਵਾਉਣ ਦੇ ਵਿਰੁੱਧ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ । ਇਸਦੇ ਨਾਲ ਪ੍ਰੀਖਿਆ ਕਰਵਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਮੈਡੀਕਲ ਦਾਖਲਾ ਪ੍ਰੀਖਿਆ NEET ਅਤੇ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ JEE Mains ਨੂੰ ਮੁਲਤਵੀ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਦਰਅਸਲ, ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਦੇ ਬੈਂਚ ਨੇ ਪੁੱਛਿਆ ਕਿ ਕੀ ਦੇਸ਼ ਦੀ ਹਰ ਚੀਜ਼ ਨੂੰ ਰੋਕਿਆ ਜਾਣਾ ਚਾਹੀਦਾ ਹੈ? ਇਸ ਤਰ੍ਹਾਂ ਇੱਕ ਅਨਮੋਲ ਸਾਲ ਕਿਉਂ ਬਰਬਾਦ ਕੀਤਾ ਜਾਣਾ ਚਾਹੀਦਾ ਹੈ? ਪਟੀਸ਼ਨ ਵਿੱਚ ਕੋਵਿਡ-19 ਦੀ ਲਾਗ ਦੇ ਵੱਧ ਰਹੇ ਕੇਸਾਂ ਕਾਰਨ ਸਤੰਬਰ ਵਿੱਚ ਪ੍ਰਸਤਾਵਿਤ JEE Mains ਅਤੇ NEET UG ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ ਗਈ ਸੀ। ਇਸ ਕੇਸ ਦੀ ਸੁਣਵਾਈ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਬੈਂਚ ਕਰ ਰਹੀ ਹੈ। ਦੱਸ ਦਈਏ ਕਿ JEE ਦੀ ਪ੍ਰੀਖਿਆ 1 ਸਤੰਬਰ ਤੋਂ 6 ਸਤੰਬਰ ਤੱਕ ਹੋਣੀ ਹੈ। ਇਸ ਦੇ ਨਾਲ ਹੀ NEET ਦੀ ਪ੍ਰੀਖਿਆ 13 ਸਤੰਬਰ ਨੂੰ ਰੱਖੀ ਜਾਣ ਦੀ ਯੋਜਨਾ ਹੈ। 11 ਰਾਜਾਂ ਦੇ 11 ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿੱਚ ਇਸ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਬੇਨਤੀ ਨਾਲ ਪਟੀਸ਼ਨ ਦਾਇਰ ਕੀਤੀ ਸੀ।
ਇਸ ਪਟੀਸ਼ਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਹਵਾਲਾ ਦਿੰਦਿਆਂ ਕੌਮੀ ਪ੍ਰੀਖਿਆ ਏਜੰਸੀ (NTA) ਦੀ 3 ਜੁਲਾਈ ਦੇ ਨੋਟਿਸ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ। ਇਸ ਨੋਟਿਸ ਦੇ ਜ਼ਰੀਏ ਐਨਟੀਏ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (JEE) ਮੁੱਖ, ਅਪ੍ਰੈਲ, 2020 ਅਤੇ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET UG) ਸਤੰਬਰ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।.
ਜ਼ਿਕਰਯੋਗ ਹੈ ਕਿ ਇਸ ਪ੍ਰੀਖਿਆ ਨੂੰ ਮੁਲਤਵੀ ਕਰਵਾਉਣ ਦੀ ਮੰਗ ਪਿਛਲੇ ਮਹੀਨੇ ਤੋਂ ਚੱਲ ਰਹੀ ਹੈ। ਜੁਲਾਈ ਦੇ ਪਹਿਲੇ ਹਫਤੇ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੇ #rip nta ਨਾਲ ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਈ ਸੀ । ਵਿਦਿਆਰਥੀਆਂ ਦਾ ਤਰਕ ਹੈ ਕਿ ਅਜਿਹੇ ਮੁਸ਼ਕਿਲ ਸਮੇਂ ‘ਤੇ ਜਦੋਂ ਮਹਾਂਮਾਰੀ ਆਪਣੇ ਸਿਖਰ ‘ਤੇ ਹੈ, ਅਜਿਹੀ ਪ੍ਰੀਖਿਆ ਆਯੋਜਿਤ ਹੋਣ ‘ਤੇ ਉਨ੍ਹਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈਣ ‘ਤੇ ਕੌਣ ਇਸ ਦਾ ਜਵਾਬ ਦੇਵੇਗਾ।
ਦੱਸ ਦੇਈਏ ਕਿ ਇਸ ਬਾਰੇ NTA ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ NEET ਦੀ ਪ੍ਰੀਖਿਆ ਦਾ ਆਯੋਜਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਕੇ ਕੀਤਾ ਜਾਵੇਗਾ। ਇਸ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਦੁੱਗਣੀ ਕੀਤੀ ਜਾ ਰਹੀ ਹੈ । ਇਹ ਪ੍ਰੀਖਿਆ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕੋਵਿਡ-19 ਮਹਾਂਮਾਰੀ ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਆਯੋਜਿਤ ਕੀਤੀ ਜਾਵੇਗੀ।