Tamilnadu elections chennai public : ਪੱਛਮੀ ਬੰਗਾਲ ਸਮੇਤ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਬੀਤੇ ਦਿਨ ਤਾਮਿਲਨਾਡੂ ‘ਚ ਵੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਹੈ। ਪਰ ਤਾਮਿਲਨਾਡੂ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਸਕੂਟਰੀ ‘ਤੇ ਈ.ਵੀ.ਐੱਮ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸ਼ਾਮ ਨੂੰ ਵੇਲਾਚੇਰੀ ਵਿੱਚ, ਵੋਟਿੰਗ ਖਤਮ ਹੋਣ ਤੋਂ ਬਾਅਦ, ਦੋ ਲੋਕ ਸਕੂਟਰੀ ‘ਤੇ ਈਵੀਐਮ ਲੈ ਕੇ ਜਾ ਰਹੇ ਸਨ, ਤਾ ਓਦੋਂ ਉਨ੍ਹਾਂ ਨੂੰ ਇੱਕ ਭੀੜ ਨੇ ਘੇਰ ਲਿਆ। ਇਸ ਤੋਂ ਬਾਅਦ ਰਾਜ ਦੀਆਂ ਰਾਜਨੀਤਿਕ ਪਾਰਟੀਆਂ ਨੇ ਹੰਗਾਮਾ ਮਚਾ ਦਿੱਤਾ ਹੈ ਅਤੇ ਚੋਣ ਕਮਿਸ਼ਨ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡੀਐਮਕੇ ਨੇ ਦਾਅਵਾ ਕੀਤਾ ਕਿ ਇਹ ਲੋਕ ਈਵੀਐਮ ਨਾਲ ਗੜਬੜ ਕਰਨ ਵਾਲੇ ਸਨ। ਇਸ ਤੋਂ ਪਹਿਲਾਂ ਹੀ ਇਨ੍ਹਾਂ ਲੋਕਾਂ ਨੂੰ ਭੀੜ ਦੁਆਰਾ ਦੇਖ ਲਿਆ ਗਿਆ, ਜਿਸ ਤੋਂ ਬਾਅਦ ਪੁਲਿਸ ਦੋਵਾਂ ਨੂੰ ਆਪਣੇ ਨਾਲ ਲੈ ਗਈ। ਵਿਵਾਦ ਨੂੰ ਵੇਖਦੇ ਹੋਏ, ਰਾਜ ਦੇ ਮੁੱਖ ਚੋਣ ਅਧਿਕਾਰੀ, ਸੱਤਿਆਬ੍ਰਤ ਸਾਹੂ ਨੇ ਸਪਸ਼ਟੀਕਰਨ ਦਿੱਤਾ ਕਿ ਈਵੀਐਮ ਲੈ ਜਾਣ ਵਾਲੇ ਚੋਣ ਕਮਿਸ਼ਨ ਦੇ ਕਰਮਚਾਰੀ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੋ ਕਰਮਚਾਰੀਆਂ ਨੇ ਇਹ ਗਲਤੀ ਕੀਤੀ ਸੀ ਅਤੇ ਇਸਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਈਵੀਐਮ ਮਸ਼ੀਨਾਂ ਵੋਟ ਪਾਉਣ ਲਈ ਨਹੀਂ ਵਰਤੀਆਂ ਗਈਆਂ ਸਨ। ਦੱਸ ਦੇਈਏ ਕਿ 6 ਅਪ੍ਰੈਲ ਨੂੰ ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਇੱਕ ਹੀ ਪੜਾਅ ਵਿੱਚ ਹੋਈ ਸੀ।