Teachers Day 2020: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸਵੇਰੇ 11 ਵਜੇ ਅਧਿਆਪਕ ਦਿਵਸ ਦੇ ਮੌਕੇ ‘ਤੇ ਪਹਿਲੀ ਵਾਰ 47 ਅਧਿਆਪਕਾਂ ਨੂੰ ‘ਰਾਸ਼ਟਰੀ ਅਧਿਆਪਕ ਅਵਾਰਡ‘ ਭੇਂਟ ਕਰਨਗੇ । ਇਸ ਵਿੱਚ ਰਾਸ਼ਟਰਪਤੀ ਵੱਲੋਂ 45 ਜਨਰਲ ਜਦਕਿ 2 ਵਿਸ਼ੇਸ਼ ਸ਼੍ਰੇਣੀ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ: ਰਮੇਸ਼ ਪੋਖਰਿਆਲ ਨਿਸ਼ਾਂਕ ਵੀ ਮੌਜੂਦ ਰਹਿਣਗੇ । ਕੋਰੋਨਾ ਦੇ ਮੱਦੇਨਜ਼ਰ ਦੇਸ਼ ਭਰ ਦੇ ਸਾਰੇ ਅਧਿਆਪਕਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਸਮਾਗਮ ਦਾ ਆਯੋਜਨ ਕਰਨ ਦੀ ਬੇਨਤੀ ਕੀਤੀ ਗਈ ਸੀ।
ਦਰਅਸਲ, 5 ਸਤੰਬਰ ਦਾ ਦਿਨ ਭਾਰਤ ਵਿੱਚ ਇਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਦਰਅਸਲ ਇਹ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮਦਿਨ ਹੈ ਅਤੇ ਇਹ ਦਿਨ ਉਨ੍ਹਾਂ ਦੇ ਸਨਮਾਨ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। 5 ਸਤੰਬਰ 1888 ਨੂੰ ਤਾਮਿਲਨਾਡੂ ਵਿੱਚ ਜੰਮੇ ਡਾ. ਰਾਧਾਕ੍ਰਿਸ਼ਨਨ ਦੇਸ਼ ਦੇ ਦੂਜੇ ਰਾਸ਼ਟਰਪਤੀ ਸਨ ਅਤੇ ਭਾਰਤੀ ਸੰਸਕ੍ਰਿਤੀ ਦੇ ਇੱਕ ਉੱਘੇ ਵਿਦਵਾਨ, ਇੱਕ ਮਹਾਨ ਦਾਰਸ਼ਨਿਕ ਅਤੇ ਇੱਕ ਧਾਰਮਿਕ ਹਿੰਦੂ ਚਿੰਤਕ ਵਜੋਂ ਜਾਣੇ ਜਾਂਦੇ ਹਨ।
ਪੂਰੇ ਦੇਸ਼ ਨੂੰ ਆਪਣੀ ਵਿਦਵਤਾ ਨਾਲ ਅਭਿਭੂਤ ਕਰਨ ਵਾਲੇ ਡਾ. ਰਾਧਾਕ੍ਰਿਸ਼ਨਨ ਨੂੰ ਭਾਰਤ ਸਰਕਾਰ ਨੇ ਸਰਵਉੱਚ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ । ਪ੍ਰੋਗਰਾਮ ਦਾ ਪ੍ਰਸਾਰਣ ਦੂਰਦਰਸ਼ਨ ‘ਤੇ ਕੀਤਾ ਜਾਵੇਗਾ ਅਤੇ ਨਾਲ ਹੀ ਸਿੱਖਿਆ ਮੰਤਰਾਲੇ ਦੀ ਵੈਬਸਾਈਟ ‘ਤੇ ਇੱਕ ਵੈੱਬਕਾਸਟ ਵੀ ਕੀਤਾ ਜਾਵੇਗਾ।
ਉੱਥੇ ਹੀ ਅੰਤਰਰਾਸ਼ਟਰੀ ਅਧਿਆਪਕ ਦਿਵਸ ਦਾ ਆਯੋਜਨ ਹਰ ਸਾਲ 5 ਅਕਤੂਬਰ ਨੂੰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਅਧਿਆਪਕ ਦਿਵਸ ਵੱਖ-ਵੱਖ ਦਿਨਾਂ ‘ਤੇ ਵੀ ਮਨਾਇਆ ਜਾਂਦਾ ਹੈ। ਸਿੰਗਾਪੁਰ ਵਿੱਚ ਸਤੰਬਰ ਦੇ ਪਹਿਲਾ ਸ਼ੁੱਕਰਵਾਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਦੋਂਕਿ ਚੀਨ ਵਿੱਚ ਇਹ 10 ਸਤੰਬਰ ਨੂੰ ਹੀ ਮਨਾਇਆ ਜਾਂਦਾ ਹੈ।