Telangana Governor Tamilisai Soundararajan: ਤੇਲੰਗਾਨਾ ਦੀ ਰਾਜਪਾਲ ਤਮਿਲਸਾਈ ਸੁੰਦਰਰਾਜਨ ਨੇ ਵੀਰਵਾਰ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ । ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੀਵ ਬੈਨਰਜੀ ਨੇ ਸੁੰਦਰਰਾਜਨ ਨੂੰ ਉਪ ਰਾਜਪਾਲ ਅਹੁਦੇ ਦੀ ਸਹੁੰ ਚੁਕਾਈ । ਇਸ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਵੀ. ਨਾਰਾਇਣਸਾਮੀ, ਵਿਧਾਨ ਸਭਾ ਸਪੀਕਰ ਸ਼ਿਵਾਕੋਲੁਨਤੂ, ਵਿਰੋਧੀ ਧਿਰ ਦੇ ਨੇਤਾ ਐੱਨ. ਰੰਗਾਸਾਮੀ, ਰਾਜ ਸਭਾ ਮੈਂਬਰ ਗੋਕੁਲ ਕ੍ਰਿਸ਼ਨਨ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਤਮਿਲਸਾਈ ਸੁੰਦਰਾਰਾਜਨ ਨੇ ਸਹੁੰ ਚੁੱਕਣ ਤੋਂ ਬਾਅਦ ਉਪ ਰਾਜਪਾਲ ਦਾ ਅਹੁਦਾ ਸੰਭਾਲ ਲਿਆ ਹੈ ।

ਦੱਸ ਦੇਈਏ ਕਿ ਡਾ.ਕਿਰਨ ਬੇਦੀ ਨੂੰ 16 ਫਰਵਰੀ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁੰਦਰਰਾਜਨ ਨੂੰ ਇੱਥੇ ਦਾ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਸੁੰਦਰਰਾਜਨ ਪੁਡੂਚੇਰੀ ਦੀ 26ਵੀਂ ਅਤੇ 5ਵੀਂ ਮਹਿਲਾ ਉੱਪ ਰਾਜਪਾਲ ਹਨ । ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਸ਼ਾਮ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਉਪ ਰਾਜਪਾਲ ਕਿਰਨ ਬੇਦੀ ਨੂੰ LG ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ।

ਦੱਸਿਆ ਜਾ ਰਿਹਾ ਸੀ ਕਿ ਸਰਕਾਰ ਦੀ ਪਿਛਲੇ ਲੰਬੇ ਸਮੇਂ ਤੋਂ ਕਿਰਨ ਬੇਦੀ ਨਾਲ ਬਹੁਤ ਸਾਰੇ ‘ਤੇ ਜੱਦੋ-ਜਹਿਦ ਚੱਲ ਰਹੀ ਸੀ । 10 ਫਰਵਰੀ ਨੂੰ ਰਾਜ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਪ ਰਾਜਪਾਲ ਨੂੰ ਵਾਪਸ ਬੁਲਾਇਆ ਜਾਵੇ । ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਤੁਗਲਕ ਅਦਾਲਤ ਚਲਾ ਰਹੀ ਹੈ । ਇੰਨਾ ਹੀ ਨਹੀਂ, ਨਾਰਾਇਣਸਾਮੀ ਨੇ ਉਪ ਰਾਜਪਾਲ ਨੂੰ ਚੁਣੀ ਹੋਈ ਸਰਕਾਰ ਦੀਆਂ ਵੱਖ ਵੱਖ ਤਜਵੀਜ਼ਾਂ ਨੂੰ ਲਾਗੂ ਕਰਨ ਵਿੱਚ ਇੱਕ ਅੜਿੱਕਾ ਕਿਹਾ ਸੀ । ਇਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਦਿੱਲੀ ਪੁਲਿਸ ਫਿਰ ਐਕਸ਼ਨ ‘ਚ, ਕਿਉਂ ਲੱਗ ਰਹੀਆਂ ਮੁੜ ਕੰਡਿਆਲੀਆਂ ਤਾਰਾਂ, ਦੇਖੋ ਹਲਾਤ






















