Tender For 44 Vande Bharat Trains: ਆਧੁਨਿਕ ਰੇਲ ਕੋਚ ਤਿਆਰ ਕਰਨ ਵਾਲੀ ਇੱਕ ਸਰਕਾਰੀ ਕੰਪਨੀ ਇੰਟੀਗਰੇਟਡ ਕੋਚ ਫੈਕਟਰੀ (ICF) ਨੇ ਭਾਰਤ ਦੀ ਸੈਮੀ-ਹਾਈ ਸਪੀਡ ਟ੍ਰੇਨ ਦੇ 44 ਕੋਚਾਂ ਦੇ ਨਿਰਮਾਣ ਨਾਲ ਜੁੜੇ ਟੈਂਡਰ ਨੂੰ ਰੱਦ ਕਰ ਦਿੱਤਾ ਹੈ। ICF ਭਾਰਤੀ ਰੇਲਵੇ ਦੀ ਇੱਕ ਕੋਚ ਨਿਰਮਾਤਾ ਕੰਪਨੀ ਹੈ। ਮੰਨਿਆ ਜਾ ਰਿਹਾ ਹੈ ਕਿ ਜਦੋਂ ਭਾਰਤੀ ਟੈਂਡਰ ਨੇ ਇਸ ਟੈਂਡਰ ਨੂੰ ਰੱਦ ਕਰਨ ਦਾ ਫੈਸਲਾ ਉਸ ਸਮੇਂ ਲਿਆ ਜਦੋਂ ਇਸ ਟੈਂਡਰ ਦੇ ਬੋਲੀਕਾਰਾਂ ਵਿੱਚ ਇੱਕ ਚੀਨੀ ਕੰਪਨੀ ਦਾ ਨਾਮ ਸਾਹਮਣੇ ਆਇਆ।
1500 ਕਰੋੜ ਰੁਪਏ ਦੇ ਇਸ ਟੈਂਡਰ ਲਈ ਚੀਨ ਅਤੇ ਭਾਰਤ ਦਾ ਇੱਕ ਸਾਂਝਾ ਉੱਦਮ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਸੀ ਅਤੇ ਇਸ ਟੈਂਡਰ ਲਈ ਬੋਲੀ ਲਗਾਉਣ ਵਾਲੀਆਂ 6 ਕੰਪਨੀਆਂ ਵਿੱਚੋਂ ਇੱਕ ਮਾਤਰ ਵਿਦੇਸ਼ੀ ਕੰਪਨੀ ਸੀ। ਇਸ ਚੀਨੀ ਕੰਪਨੀ ਦਾ ਨਾਮ CRRC ਕਾਰਪੋਰੇਸ਼ਨ ਹੈ। ਇਸ ਚੀਨੀ ਕੰਪਨੀ ਨੇ ਗੁਰੂਗ੍ਰਾਮ ਦੀ ਇੱਕ ਕੰਪਨੀ ਨਾਲ ਮਿਲ ਕੇ ਸਾਂਝੇ ਉੱਦਮ ਦੀ ਸਥਾਪਨਾ ਕੀਤੀ ਹੈ। ਇਸਦਾ ਨਾਮ CRRC ਪਾਇਨੀਅਰ ਇਲੈਕਟ੍ਰਿਕ (ਇੰਡੀਆ) ਪ੍ਰਾਈਵੇਟ ਲਿਮਟਿਡ ਹੈ।
ਇਸ ਸਬੰਧੀ ਭਾਰਤੀ ਰੇਲਵੇ ਨੇ ਟਵੀਟ ਕੀਤਾ ਕਿ ਵੰਦੇ ਭਾਰਤ ਦੀਆਂ 44 ਸੈਮੀ ਹਾਈ ਸਪੀਡ ਟ੍ਰੇਨਾਂ ਦੀ ਉਸਾਰੀ ਲਈ ਜਾਰੀ ਕੀਤੇ ਟੈਂਡਰ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਨਵਾਂ ਟੈਂਡਰ ਮੇਕ ਇਨ ਇੰਡੀਆ ਮੁਹਿੰਮ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਸੋਧੀ ਸਰਕਾਰੀ ਖਰੀਦ ਨੀਤੀ ਤਹਿਤ ਇੱਕ ਹਫ਼ਤੇ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਚੀਨੀ ਸਾਂਝੇ ਉੱਦਮ (JV) ਦੀ ਸਥਾਪਨਾ ਸਾਲ 2015 ਵਿੱਚ ਚੀਨ ਦੀ CRRC ਯੋਂਗਜੀ ਇਲੈਕਟ੍ਰਿਕ ਕੰਪਨੀ ਲਿਮਟਿਡ ਅਤੇ ਗੁਰੂਗ੍ਰਾਮ ਸਥਿਤ ਪਾਇਨੀਅਰ ਫਿਲ-ਮੇਡ ਪ੍ਰਾਈਵੇਟ ਲਿਮਟਿਡ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ।
ਦਰਅਸਲ, ICF ਨੇ 10 ਜੁਲਾਈ ਨੂੰ ਸੈਮੀ-ਹਾਈ ਸਪੀਡ ਵੰਦੇ ਭਾਰਤ ਟ੍ਰੇਨਾਂ ਲਈ 44 ਰੈਕ ਜਾਂ ਟ੍ਰੇਨ ਸੈੱਟ ਬਣਾਉਣ ਲਈ ਇੱਕ ਟੈਂਡਰ ਜਾਰੀ ਕੀਤਾ ਸੀ। ਟੈਂਡਰ ਲਈ ਛੇ ਕੰਪਨੀਆਂ ਨੇ ਬੋਲੀ ਲਗਾਈ ਸੀ। CRRC ਤੋਂ ਇਲਾਵਾ ਬਾਕੀ 5 ਬੋਲੀ ਲਗਾਉਣ ਵਾਲੀਆਂ ਕੰਪਨੀਆਂ ਵਿੱਚ ਸਰਕਾਰੀ ਮਲਕੀਅਤ ਭਾਰਤ ਹੈਵੀ ਇਲੈਕਟ੍ਰਿਕਸ ਲਿਮਟਿਡ (BHEL), ਭਾਰਤ ਇੰਡਸਟਰੀਜ਼, ਸੰਗਰੂਰ, ਇਲੈਕਟ੍ਰੋਵੇਵ ਇਲੈਕਟ੍ਰਾਨਿਕਸ (ਪੀ) ਲਿਮਟਡ, ਮੇਧਾ ਸਰਵੋ ਡਰਾਈਵ ਪ੍ਰਾਈਵੇਟ ਲਿਮਟਿਡ ਅਤੇ ਪਾਵਰਨੇਟਿਕਸ ਉਪਕਰਣ ਇੰਡੀਆ ਪ੍ਰਾਈਵੇਟ ਲਿਮਟਿਡ ਸ਼ਾਮਿਲ ਹਨ।
ਦੱਸ ਦੇਈਏ ਕਿ ਗਲਵਾਨ ਵਿੱਚ ਚੀਨ ਦੇ ਵਿਸ਼ਵਾਸਘਾਤ ਤੋਂ ਬਾਅਦ ਭਾਰਤ ਚੀਨ ਵਿਰੁੱਧ ਸਖਤ ਆਰਥਿਕ ਫੈਸਲੇ ਲੈ ਰਿਹਾ ਹੈ। ਕੁਝ ਦਿਨ ਪਹਿਲਾਂ ਭਾਰਤੀ ਰੇਲਵੇ ਨੇ 471 ਕਰੋੜ ਰੁਪਏ ਦੇ ਇੱਕ ਸਿਗਨਲਿੰਗ ਅਤੇ ਦੂਰ ਸੰਚਾਰ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਸੀ। ਕਾਨਪੁਰ-ਦੀਨਦਿਆਲ ਸੈਕਸ਼ਨ ‘ਤੇ 417 ਕਿਲੋਮੀਟਰ ਲੰਬੇ ਸੈਕਸ਼ਨ ਦੇ ਨਿਰਮਾਣ ਦਾ ਠੇਕਾ ਇਕ ਚੀਨੀ ਕੰਪਨੀ ਨਾਲ ਸੀ।