ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਦਰਹਾਲ ਖੇਤਰ ਵਿੱਚ ਪਰਗਲ ਵਿੱਚ ਫੌਜ ਦੇ ਇੱਕ ਕੈਂਪ ਵਿੱਚ ਦੋ ਅੱਤਵਾਦੀਆਂ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਸ਼ੱਕੀ ਆਤਮਘਾਤੀ ਸਮੂਹ ਦੇ ਦੋਵੇਂ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਗੋਲੀਆਂ ਨਾਲ ਢੇਰ ਕਰ ਦਿੱਤਾ ਹੈ। ਉੱਥੇ ਹੀ ਇਸ ਮੁੱਠਭੇੜ ਵਿੱਚ ਫੌਜ ਦੇ ਪੰਜ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਹਾਲੇ ਵੀ ਮੁਠਭੇੜ ਜਾਰੀ ਹੈ। ਪਰਗਲ ਕੈਂਪ ਰਾਜੌਰੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਹੈ।
11 ਰਾਸ਼ਟਰੀ ਰਾਈਫਲ ਤੋਂ ਮਿਲੀ ਜਾਣਕਾਰੀ ਅਨੁਸਾਰ ਆਰਮੀ ਕੈਂਪ ‘ਤੇ ਇਹ ਆਤਮਘਾਤੀ ਹਮਲਾ ਹੈ। ਇਸ ਵਿੱਚ ਦੋ ਅੱਤਵਾਦੀ ਢੇਰ ਹੋ ਗਏ। ਹਾਲਾਂਕਿ ਇਹ ਪਤਾ ਨਹੀਂ ਲੱਗਿਆ ਕਿ ਕਿੰਨੇ ਅੱਤਵਾਦੀਆਂ ਵੱਲੋਂ ਇਹ ਹਮਲਾ ਕੀਤਾ ਗਿਆ। ਫਿਲਹਾਲ ਫੌਜ ਦੇ ਜਵਾਨਾਂ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਇਸ ਸਬੰਧੀ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਮੁਕੇਸ਼ ਸਿੰਘ ਨੇ ਕਿਹਾ ਕਿ ਕਿਸੇ ਨੇ ਪਰਗਲ ਵਿਖੇ ਆਰਮੀ ਕੈਂਪ ਦੀ ਵਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ । ਇਸ ਦੌਰਾਨ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 18 ਸਤੰਬਰ 2016 ਨੂੰ ਕਸ਼ਮੀਰ ਦੇ ਉਰੀ ਵਿੱਚ ਸਵੇਰੇ ਸਾਢੇ 5 ਵਜੇ 4 ਅੱਤਵਾਦੀਆਂ ਨੇ ਕੈਂਪ ਵਿੱਚ ਘੁਸਪੈਠ ਕਰ ਕੇ ਹਮਲਾ ਕਰ ਦਿੱਤਾ ਸੀ। 3 ਮਿੰਟ ਦੇ ਅੰਦਰ ਹੀ 15 ਤੋਂ ਜ਼ਿਆਦਾ ਗ੍ਰੇਨੇਡ ਸੁੱਟੇ ਗਏ, ਜਿਸ ਵਿੱਚ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸਨ। ਫੌਜ ਦੇ ਜਵਾਨਾਂ ਨੇ ਮੂੰਹਤੋੜ ਜਵਾਬ ਦਿੰਦਿਆਂ ਅੱਤਵਾਦੀਆਂ ‘ਤੇ ਫਾਇਰਿੰਗ ਕੀਤੀ ਸੀ। ਜਿਸ ਵਿੱਚ 4 ਅੱਤਵਾਦੀ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: